Voter Literacy

ਵਿਸ਼ੇਸ਼ ਸਰਸਰੀ ਸੁਧਾਈ 2024 ਤਹਿਤ ਵਿਦਿਆਰਥੀਆਂ ਦੀਆਂ ਵੋਟਾਂ ਬਣਵਾਉਣ ਲਈ ਵੋਟਰ ਸਾਖਰਤਾ ਕਲੱਬ ਨਿਭਾਉਣ ਜ਼ਿੰਮੇਵਾਰੀ: ਪ੍ਰਿੰਸੀਪਲ ਰਾਜੀਵ ਪੁਰੀ

ਖਰੜ/ਐੱਸ.ਏ.ਐੱਸ ਨਗਰ, 17 ਨਵੰਬਰ 2023 : ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ (ਖਰੜ) ਦੇ ਪ੍ਰਿੰਸੀਪਲ ਰਾਜੀਵ ਪੁਰੀ ਨੇ ਕਾਲਜ ਦੇ ਵੋਟਰ ਸਾਖਰਤਾ (Voter Literacy) ਕਲੱਬਾਂ ਦੇ ਇੰਚਾਰਜ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਰਸਰੀ ਸੁਧਾਈ-2024, ਯੋਗਤਾ ਮਿਤੀ ਇੱਕ ਜਨਵਰੀ, 2024 ਦੇ ਆਧਾਰ ’ਤੇ ਸਮੂਹ ਯੋਗ ਵੋਟਰਾਂ ਦਾ ਪੰਜੀਕਰਣ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਪਹਿਲਾਂ ਹੀ ਹਰ ਇੱਕ ਯੋਗ ਵੋਟਰ ਦੇ ਪੰਜੀਕਰਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਹਰ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਅਤੇ ਵੋਟਰ ਸਾਖ਼ਰਤਾ ਕਲੱਬ ਦੇ ਵਲੰਟੀਅਰ ਸ਼ੋਸ਼ਲ ਮੀਡੀਆ, ਨਿੱਜੀ ਪਹੁੰਚ, ਨੁਕੜ ਨਾਟਕ, ਪੋਸਟਰ ਮੁਕਾਬਲੇ ਆਦਿ ਕਰਵਾ ਕੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣ।

ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਬੀ ਐਲ ਓ ਰਾਹੀਂ, ਆਨਲਾਈਨ ਨੈਸ਼ਨਲ ਵੋਟਰ ਸਰਵਿਸ ਪੋਰਟਲ ’ਤੇ ਜਾ ਕੇ ਜਾਂ ਫੇਰ ਮੋਬਾਇਲ ’ਤੇ ਵੋਟਰ ਹੈਲਪਲਾਈਨ ਐਪ ਰਾਹੀਂ ਵੀ ਵੋਟ ਬਣਵਾ ਸਕਦੇ ਹਨ। ਪ੍ਰਿੰਸੀਪਲ ਰਾਜੀਵ ਪੁਰੀ ਨੇ ਦੱਸਿਆ ਕਿ ਜ਼ਿਲੇ੍ਹ ਦੀਆਂ ਸਮੂਹ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ 100 ਫ਼ੀਸਦੀ ਵੋਟਰ ਪੰਜੀਕਰਣ ਦਾ ਟੀਚਾ ਨਵੰਬਰ ਮਹੀਨੇ ਪੂਰਾ ਕਰ ਦੇਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਤੋਂ ਕੀਤੀ ਗਈ ਹੈ।

ਇਸ ਮੌਕੇ ਕਾਲਜ ਦੇ ਮੁੱਖੀ ਵਿਭਾਗ ਕੰਪਿਊਟਰ ਰਵਿੰਦਰ ਵਾਲੀਆ, ਨੋਡਲ ਅਫਸਰ ਸਵੀਪ ਡਾ ਰਵਿੰਦਰ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਵਰਿੰਦਰ ਪ੍ਰਤਾਪ ਸਿੰਘ ਵੀ ਹਾਜ਼ਰ ਸਨ। ਅਖੀਰ ਪਿ੍ਰੰਸੀਪਲ ਅਤੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵੋਟਰ ਸਾਖਰਤਾ  (Voter Literacy) ਕਲੱਬ ਦੇ ਮੈਂਬਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Scroll to Top