July 7, 2024 6:55 pm
Chandrayaan-3

ਚੰਦਰਯਾਨ-3 ਦੇ ਰਾਕੇਟ ਦਾ ਕੁਝ ਹਿੱਸਾ ਕੰਟਰੋਲ ਤੋਂ ਬਾਹਰ, ਧਰਤੀ ਦੇ ਵਾਯੂਮੰਡਲ ‘ਚ ਮੁੜ ਪਰਤਿਆ

ਚੰਡੀਗੜ੍ਹ, 16 ਨਵੰਬਰ 2023: ਚੰਦਰਯਾਨ-3 (Chandrayaan-3) ਦੇ ਲਾਂਚ ਵਾਹਨ LVM3 M4 ਦਾ ਇੱਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਇਹ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਕਰ ਗਿਆ ਹੈ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਦਿੱਤੀ।

ਉਹ ਹਿੱਸਾ ਜੋ ਕੰਟਰੋਲ ਤੋਂ ਬਾਹਰ ਆ ਗਿਆ ਸੀ, ਉਹ ਲਾਂਚ ਵਾਹਨ ਦਾ ਕ੍ਰਾਇਓਜੇਨਿਕ ਉਪਰਲਾ ਪੜਾਅ ਸੀ, ਜਿਸ ਨੇ ਚੰਦਰਯਾਨ-3 ਨੂੰ 14 ਜੁਲਾਈ ਨੂੰ ਆਪਣੇ ਨਿਯਤ ਔਰਬਿਟ ਵਿੱਚ ਰੱਖਿਆ ਸੀ। ਇਸਰੋ ਨੇ ਕਿਹਾ- ਇਹ ਹਿੱਸਾ 15 ਨਵੰਬਰ ਬੁੱਧਵਾਰ ਦੁਪਹਿਰ 2:42 ਵਜੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ। ਇਸ ਦੇ ਕਾਬੂ ਤੋਂ ਬਾਹਰ ਜਾਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਉੱਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ ਹੈ। ਇਸ ਦਾ ਆਖ਼ਰੀ ਜ਼ਮੀਨੀ ਮਾਰਗ ਭਾਰਤ ਵਿੱਚੋਂ ਨਹੀਂ ਲੰਘਿਆ।

ਇਸਰੋ ਦੇ ਬਿਆਨ ਅਨੁਸਾਰ, NORAD id 57321 ਨਾਮ ਦਾ ਇਹ ਰਾਕੇਟ ਚੰਦਰਯਾਨ-3 ਦੇ ਲਾਂਚ ਹੋਣ ਦੇ 124 ਦਿਨਾਂ ਬਾਅਦ ਧਰਤੀ ‘ਤੇ ਮੁੜ ਦਾਖਲ ਹੋਇਆ। ਚੰਦਰਯਾਨ-3 (Chandrayaan-3) ਆਰਬਿਟ ਵਿੱਚ ਸਥਾਪਿਤ ਹੋਣ ਤੋਂ ਬਾਅਦ, ਉਪਰਲਾ ਪੜਾਅ ਵੀ ਪਾਸੀਵੇਸ਼ਨ ਦੀ ਪ੍ਰਕਿਰਿਆ ਵਿੱਚੋਂ ਲੰਘਿਆ।

ਪੈਸੀਵੇਸ਼ਨ ਵਿੱਚ, ਰਾਕੇਟ ਵਿੱਚ ਮੌਜੂਦ ਪ੍ਰੋਪੇਲੈਂਟ ਅਤੇ ਊਰਜਾ ਸਰੋਤ ਨੂੰ ਹਟਾ ਦਿੱਤਾ ਗਿਆ ਸੀ, ਤਾਂ ਜੋ ਪੁਲਾੜ ਵਿੱਚ ਧਮਾਕੇ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। ਇਹ ਪ੍ਰਕਿਰਿਆ ਇੰਟਰ-ਏਜੰਸੀ ਸਪੇਸ ਡੈਬਰਿਸ ਕੋਆਰਡੀਨੇਸ਼ਨ ਏਜੰਸੀ (ਆਈਏਡੀਸੀ) ਅਤੇ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਵੀ ਆਉਂਦੀ ਹੈ।