ਉੱਤਰਕਾਸ਼ੀ ਸੁਰੰਗ ਹਾਦਸਾ: 40 ਮਜ਼ਦੂਰਾਂ ਨੂੰ ਕੱਢਣ ਲਈ 5ਵੇਂ ਦਿਨ ਰਾਹਤ ਦੀ ਉਮੀਦ, ਨਾਰਵੇ-ਥਾਈਲੈਂਡ ਦੇ ਮਾਹਰਾਂ ਤੋਂ ਲਈ ਜਾ ਰਹੀ ਹੈ ਮੱਦਦ

ਚੰਡੀਗੜ੍ਹ, 16 ਨਵੰਬਰ 2023: ਉੱਤਰਕਾਸ਼ੀ ਵਿੱਚ ਸਿਲਕਿਆਰਾ ਸੁਰੰਗ (Uttarkashi tunnel) ਦੇ ਇੱਕ ਹਿੱਸੇ ਦੇ ਡਿੱਗਣ ਕਾਰਨ 100 ਘੰਟਿਆਂ ਤੋਂ ਵੱਧ ਸਮੇਂ ਤੋਂ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਹਵਾਈ ਸੈਨਾ ਦੇ ਜਹਾਜ਼ਾਂ ਦੁਆਰਾ ਦਿੱਲੀ ਤੋਂ ਚਿਨਿਆਲੀਸੌਰ ਲਈ ਇੱਕ ਹੈਵੀ ਔਗਰ ਮਸ਼ੀਨ ਭੇਜੀ ਗਈ। ਉਮੀਦ ਜਤਾਈ ਜਾ ਰਹੀ ਹੈ ਕਿ ਪੰਜਵੇਂ ਦਿਨ ਇਨ੍ਹਾਂ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਜਾ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਦੀ ਬੇਨਤੀ ‘ਤੇ ਪੀਐੱਮਓ ਦੇ ਆਦੇਸ਼ ‘ਤੇ ਫੌਜ ਦੀ ਅਤਿ-ਆਧੁਨਿਕ ਔਗਰ ਮਸ਼ੀਨ ਉਪਲਬਧ ਕਰਵਾਈ ਗਈ ਹੈ।

ਇਨ੍ਹਾਂ ਮਸ਼ੀਨਾਂ ਨੂੰ ਗਰੀਨ ਕੋਰੀਡੋਰ ਬਣਾ ਕੇ ਮੌਕੇ ’ਤੇ ਭੇਜ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਅਗਰ ਮਸ਼ੀਨ ਦੇ ਪੁਰਜ਼ਿਆਂ ਦੀ ਪਹਿਲੀ ਖੇਪ ਸਿਲਕਿਆਰਾ ਸੁਰੰਗ ਪਹੁੰਚ ਗਈ ਹੈ। ਹੁਣ ਬਚਾਅ ਕਾਰਜ ਵਿੱਚ ਨਾਰਵੇ ਅਤੇ ਥਾਈਲੈਂਡ ਦੀਆਂ ਵਿਸ਼ੇਸ਼ ਟੀਮਾਂ ਦੀ ਵੀ ਮੱਦਦ ਲਈ ਜਾ ਰਹੀ ਹੈ। ਮੰਗਲਵਾਰ ਰਾਤ ਨੂੰ ਸੁਰੰਗ (Uttarkashi tunnel) ਵਿੱਚ ਤਾਜ਼ਾ ਜ਼ਮੀਨ ਖਿਸਕਣ ਕਾਰਨ ਬਚਣ ਦੀ ਸੁਰੰਗ ਬਣਾਉਣ ਲਈ ਕੀਤੀ ਜਾ ਰਹੀ ਡਰਿਲਿੰਗ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਡ੍ਰਿਲਿੰਗ ਲਈ ਲਿਆਂਦੀ ਔਗਰ ਮਸ਼ੀਨ ਵੀ ਟੁੱਟ ਗਈ, ਜਿਸ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆਈ।

Image

ਖ਼ਬਰਾਂ ਮੁਤਾਬਕ ਮੰਗਲਵਾਰ ਦੇਰ ਰਾਤ ਸੁਰੰਗ ਦੇ ਅੰਦਰ ਇੱਕ ਮਜ਼ਦੂਰ ਦੀ ਸਿਹਤ ਵਿਗੜਨ ਲੱਗੀ। ਮਜ਼ਦੂਰ ਨੂੰ ਚੱਕਰ ਆਉਣ ਅਤੇ ਉਲਟੀਆਂ ਆਉਣ ਦੀ ਸੂਚਨਾ ਮਿਲਣ ‘ਤੇ ਡਾਕਟਰਾਂ ਦੀ ਸਲਾਹ ‘ਤੇ ਪਾਈਪ ਰਾਹੀਂ ਮਜ਼ਦੂਰ ਨੂੰ ਦਵਾਈ ਭੇਜੀ ਗਈ।

ਬਚਾਅ ਕਾਰਜ ‘ਚ ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਲਿਮਿਟੇਡ (NHIDCL), NDRF, SDRF, ITBP, BRO ਅਤੇ ਰਾਸ਼ਟਰੀ ਰਾਜਮਾਰਗ ਦੇ 200 ਤੋਂ ਵੱਧ ਜਣਿਆਂ ਦੀ ਟੀਮ 24 ਘੰਟੇ ਬਚਾਅ ਵਿੱਚ ਲੱਗੀ ਹੋਈ ਹੈ। ਥਾਈਲੈਂਡ, ਨਾਰਵੇ ਅਤੇ ਫਿਨਲੈਂਡ ਸਮੇਤ ਕਈ ਦੇਸ਼ਾਂ ਦੇ ਮਾਹਰਾਂ ਤੋਂ ਆਨਲਾਈਨ ਸਲਾਹ ਲਈ ਜਾ ਰਹੀ ਹੈ।

ਸਟੇਟ ਡਿਜ਼ਾਸਟਰ ਮੈਨੇਜਮੈਂਟ ਅਨੁਸਾਰ ਸੁਰੰਗ ਦੇ ਅੰਦਰ ਝਾਰਖੰਡ ਦੇ 15, ਉੱਤਰ ਪ੍ਰਦੇਸ਼ ਤੋਂ 8, ਉੜੀਸਾ ਤੋਂ 5, ਬਿਹਾਰ ਤੋਂ 4, ਪੱਛਮੀ ਬੰਗਾਲ ਤੋਂ 3, ਉੱਤਰਾਖੰਡ ਤੋਂ 2, ਅਸਾਮ ਤੋਂ 2 ਅਤੇ ਹਿਮਾਚਲ ਪ੍ਰਦੇਸ਼ ਤੋਂ ਇੱਕ ਮਜ਼ਦੂਰ ਸ਼ਾਮਲ ਹਨ। ਬਚਾਅ ਕਾਰਜ ਦੇਖਣ ਪਹੁੰਚੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ- ਸਾਰੇ ਕਰਮਚਾਰੀ ਸੁਰੱਖਿਅਤ ਹਨ, ਉਨ੍ਹਾਂ ਨਾਲ ਵਾਕੀ-ਟਾਕੀ ਰਾਹੀਂ ਸੰਪਰਕ ਕੀਤਾ ਗਿਆ ਹੈ। ਭੋਜਨ ਅਤੇ ਪਾਣੀ ਪਹੁੰਚਾਇਆ ਜਾ ਰਿਹਾ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਬਚਾਅ ਕਾਰਜ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਧਾਮੀ ਨੇ ਕਿਹਾ- ਅਸੀਂ ਬਚਾਅ ਕਾਰਜ ਦੀ ਹਰ ਪਲ ਜਾਣਕਾਰੀ ਲੈ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰਾਲੇ ਵੱਲੋਂ ਵੀ ਘਟਨਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉੱਤਰਾਖੰਡ ਸਰਕਾਰ ਨੇ ਘਟਨਾ ਦੀ ਜਾਂਚ ਲਈ ਛੇ ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਨੇ ਵੀ ਅੱਜ ਜਾਂਚ ਸ਼ੁਰੂ ਕਰ ਦਿੱਤੀ ਹੈ।

Scroll to Top