ਮੋਹਾਲੀ, 15 ਨਵੰਬਰ 2023: ਪੰਜਾਬ ਸਰਕਾਰ ਦੀ ਖੇਡ ਪਾਲਿਸੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ (ਸ. ਸ) ਲੁਧਿਆਣਾ ਸ੍ਰੀਮਤੀ ਡਿੰਪਲ ਮਦਾਨ ਦੀ ਅਗਵਾਈ ਵਿੱਚ 67ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023 ਦੇ ਲਾਅਨ ਟੈਨਿਸ ਅੰਡਰ-14, 17 ਅਤੇ 19 ਸਾਲ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ, ਲੁਧਿਆਣਾ ਵਿਖੇ 04 ਨਵੰਬਰ ਤੋਂ 09 ਨਵੰਬਰ ਤੱਕ ਕਰਵਾਏ ਗਏ |
67ਵੇਂ ਪੰਜਾਬ ਸਟੇਟ ਟੂਰਨਾਮੈਂਟ ਦੌਰਾਨ ਯਾਦਵਿੰਦਰਾ ਪਬਲਿਕ ਸਕੂਲ, ਮੋਹਾਲੀ ਦੀ ਵਿਦਿਆਰਥਣਾਂ ਅਸਵੀਨ ਕੌਰ (8ਵੀਂ ਜਮਾਤ), ਸਿਦਕ ਕੌਰ (10ਵੀਂ ਜਮਾਤ) ਅਤੇ ਤਮੰਨਾ ਵਾਲੀਆ (9ਵੀਂ ਜਮਾਤ) ਨੇ ਅੰਡਰ-17 ਵਰਗ ਵਿੱਚ ਲਾਅਨ ਟੈਨਿਸ ਮੁਕਾਬਲੇ ਵਿੱਚ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ |
ਇਨ੍ਹਾਂ ਵਿਦਿਆਰਥਣਾਂ ਦੀ ਉਪਲਬਧੀ ‘ਤੇ ਯਾਦਵਿੰਦਰਾ ਪਬਲਿਕ ਸਕੂਲ, ਮੋਹਾਲੀ ਦੇ ਸਮੂਹ ਸਟਾਫ ਨੇ ਵਧਾਈਆਂ ਦਿੱਤੀਆਂ ਅਤੇ ਸਾਰੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਹਾਰਵੈਸਟ ਟੈਨਿਸ ਅਕੈਡਮੀ ਦੇ ਪ੍ਰਿੰਸੀਪਲ ਡਾ. ਜੈ ਸ਼ਰਮਾ ਨੇ ਖੇਡਾਂ ‘ਚ ਭਾਗ ਲੈ ਰਹੇ ਸਾਰੇ ਖਿਡਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ਼ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਬਿਨਾਂ ਕਿਸੇ ਹਾਰ ਜਿੱਤ ਨੂੰ ਧਿਆਨ ਵਿੱਚ ਰੱਖਦਿਆਂ ਖੇਡਾਂ ਵਿੱਚ ਆਪਣੇ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ |