ਚੰਡੀਗੜ੍ਹ, 10 ਨਵੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ, ਚਾਹੇ ਉਹ ਕਿਸਾਨ, ਮਜ਼ਦੂਰ ਜਾਂ ਛੋਟੇ ਵਪਾਰੀ ਹੋਣ। ਇਸ ਲੜੀ ਵਿੱਚ ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਕਰਮਚਾਰੀਆਂ ਨੂੰ ਦੀਵਾਲੀ (Diwali) ਦਾ ਤੋਹਫਾ ਦੇ ਕੇ ਬੋਨਸ ਦੇਣ ਦਾ ਫੈਸਲਾ ਕੀਤਾ ਹੈ।
ਜੇਪੀ ਦਲਾਲ ਨੇ ਕਿਹਾ ਕਿ ਬੋਰਡ ਦੇ ਸਮੂਹ ਬੀ, ਸੀ ਅਤੇ ਡੀ ਕਰਮਚਾਰੀਆਂ ਨੂੰ ਵਿੱਤੀ ਸਾਲ 2021-22 ਲਈ ਵੱਧ ਤੋਂ ਵੱਧ 40 ਹਜ਼ਾਰ ਰੁਪਏ ਤੱਕ ਦੀ ਮੂਲ ਤਨਖਾਹ ਦਾ 15 ਪ੍ਰਤੀਸ਼ਤ ਐਕਸ-ਗ੍ਰੇਸ਼ੀਆ/ਪ੍ਰਦਰਸ਼ਨ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਬੋਨਸ ਦੇਣ ਦੀ ਮਨਜ਼ੂਰੀ ਦੇਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ ਹੈ।