PUNJAB POLICE

ਪੰਜਾਬ ਪੁਲਿਸ ਵੱਲੋਂ ਦਿੱਲੀ ਤੇ ਹਰਿਆਣਾ ਦੀਆਂ ਫਾਰਮਾ ਫੈਕਟਰੀਆਂ ਤੋਂ ਚਲਾਏ ਜਾ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਓਪੀਔਡਜ਼ ਮੈਨੂਫੈਕਚਰਿੰਗ ਅਤੇ ਸਪਲਾਈ ਨੈਟਵਰਕ ਦਾ ਪਰਦਾਫਾਸ਼

ਚੰਡੀਗੜ੍ਹ, 09 ਨਵੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਫਾਰਮਾ ਓਪੀਔਡਜ਼ ਖਿਲਾਫ਼ ਮਿਲੀ ਖੁਫ਼ੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ (PUNJAB POLICE) ਨੇ ਦਿੱਲੀ ਤੇ ਹਰਿਆਣਾ ਸਥਿਤ ਫਾਰਮਾ ਫੈਕਟਰੀਆਂ ਤੋਂ ਗੈਰ-ਕਾਨੂੰਨੀ ਓਪੀਔਡਜ਼ ਮੈਨੂਫੈਕਚਰਿੰਗ ਅਤੇ ਸਪਲਾਈ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਇਹ ਕਾਰਵਾਈ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਅੰਬਾਲਾ, ਹਰਿਆਣਾ ਦੇ ਸਥਾਨਕ ਨਸ਼ਾ ਤਸਕਰ ਗੌਰਵ ਸਿੰਘ ਉਰਫ ਕਾਲਾ, ਜਿਸਨੂੰ 44 ਲੀਗੇਸਿਕ ਅਤੇ 44 ਐਵੀਲ ਇੰਜੈਕਸ਼ਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਦੀ ਗ੍ਰਿਫ਼ਤਾਰੀ ਉਪਰੰਤ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਤਿੰਨ ਮਹੀਨੇ ਦੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਪਲਾਇਰ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕਰਦਿਆਂ, ਫਤਿਹਗੜ੍ਹ ਪੁਲਿਸ ਦੀਆਂ ਟੀਮਾਂ ਨੇ ਦਿੱਲੀ ਦੇ ਗੈਰ-ਕਾਨੂੰਨੀ ਫਾਰਮਾ ਨਿਰਮਾਤਾ ਸੁਮਿਤ ਅਗਰਵਾਲ ਜੋ ਕਿ ਪੈਕਸਨਜ਼ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਦਾ ਮਾਲਕ ਹੈ ਅਤੇ ਜਿਸ ਦੀਆਂ ਯੂਨਿਟਾਂ ਦਿੱਲੀ ਦੇ ਰੋਹਿਣੀ ਅਤੇ ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਹਨ, ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਈ।

ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਮੁਲਾਜ਼ਮਾਂ ਅਤੇ ਦੋ ਡਰੱਗ ਇੰਸਪੈਕਟਰਾਂ ਦੀ ਟੀਮ ਨੇ ਆਪਣੇ ਸਥਾਨਕ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿੱਚ ਬਹਾਦਰਗੜ੍ਹ ਸਥਿਤ ਫਾਰਮਾ ਫੈਕਟਰੀ ’ਤੇ ਛਾਪਾ ਮਾਰਿਆ ਅਤੇ ਫੈਕਟਰੀ ਵਿੱਚੋਂ ਲਗਭਗ 6 ਲੱਖ ਬਿਨ੍ਹਾਂ ਲੇਬਲ ਵਾਲੇ ਟੀਕਿਆਂ ਸਮੇਤ ਕਈ ਗੈਰ-ਕਾਨੂੰਨੀ ਵਪਾਰਕ, ਵਿੱਤੀ, ਟਰਾਂਸਪੋਰਟ ਦਸਤਾਵੇਜ਼ ਬਰਾਮਦ ਕੀਤੇ। ਇਹ ਬਰਾਮਦੀ ਇਸ ਮਾਮਲੇ ਵਿੱਚ ਪਹਿਲਾਂ ਹੋਈ 3.24 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਅਤੇ 2.20 ਲੱਖ ਰੁਪਏ ਦੀ ਡਰੱਗ ਮਨੀ ਦੀ ਬਰਾਮਦੀ ਤੋਂ ਇਲਾਵਾ ਹੈ। ਇਸ ਮਾਮਲੇ ’ਚ ਹੁਣ ਤੱਕ ਪੁਲਿਸ ਟੀਮਾਂ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਪੰਜ ਹੋਰ ਮੁਲਜ਼ਮਾਂ ਦੀ ਪਛਾਣ ਮੁਹੰਮਦ ਅਰਬਾਜ਼, ਮੁਹੰਮਦ ਸਲਮਾਨ, ਮੁਹੰਮਦ ਸਾਹਬੇਜ਼, ਰਾਕੇਸ਼ ਕੁਮਾਰ ਅਤੇ ਘਨਸ਼ਿਆਮ ਸ਼ਰਮਾ ਵਜੋਂ ਹੋਈ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਜੋ ਐਸ.ਐਸ.ਪੀ ਫਤਹਿਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਗੌਰਵ ਦੀ ਗ੍ਰਿਫਤਾਰੀ ਤੋਂ ਬਾਅਦ ਫਤਹਿਗੜ੍ਹ ਸਾਹਿਬ ਪੁਲਿਸ ਨੇ ਗੈਰ-ਕਾਨੂੰਨੀ ਕੈਮਿਸਟਾਂ, ਫਾਰਮੇਸੀਆਂ, ਗੋਦਾਮਾਂ ਵਿੱਚ ਛਾਪੇਮਾਰੀ ਕੀਤੀ ਜਿਸ ਸਦਕਾ ਮੁਹੰਮਦ ਅਰਬਾਜ਼, ਮੁਹੰਮਦ ਸਲਮਾਨ ਅਤੇ ਮੁਹੰਮਦ ਸਾਹਬੇਜ਼ ਸਮੇਤ ਤਿੰਨ ਹੋਰ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ (PUNJAB POLICE) ਦੱਸਿਆ ਕਿ ਇਨ੍ਹਾਂ ਤਿੰਨਾਂ ਸਪਲਾਇਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਗਰਾ ਤੋਂ ਨਸ਼ੀਲੇ ਪਦਾਰਥਾਂ ਦੀ ਖਰੀਦਦਾਰੀ ਕਰ ਰਹੇ ਸਨ। ਪੁਲਿਸ ਟੀਮਾਂ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ, ਜਿਸ ਦਾ ਆਗਰਾ ਵਿੱਚ ਨਸ਼ੀਲੇ ਪਦਾਰਥਾਂ ਦਾ ਗੈਰ-ਕਾਨੂੰਨੀ ਗੋਦਾਮ ਹੈ।

ਆਈਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਕੇਸ਼ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਗਾਜ਼ੀਆਬਾਦ ਦੇ ਲੋਨੀ ਦੇਹਤ ਦੇ ਵਿਅਕਤੀ ਦੇ ਸੰਪਰਕ ਵਿੱਚ ਸੀ ਜਿਸ ਦੀ ਪਛਾਣ ਘਨਸ਼ਿਆਮ ਸ਼ਰਮਾ ਵਜੋਂ ਕੀਤੀ ਗਈ ਹੈ ਜੋ ਕਿ ਨਸ਼ੀਲੇ ਪਦਾਰਥਾਂ ਦਾ ਥੋਕ ਵਿਕਰੇਤਾ ਹੈ ਅਤੇ ਉਸ ਦੀ ਸ਼੍ਰੀ ਸ਼ਿਆਮਾ ਨਾਮੀ ਆਪਣੀ ਮੈਡੀਕਲ ਏਜੰਸੀ ਵੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਘਣਸ਼ਿਆਮ ਨੂੰ 02 ਨਵੰਬਰ, 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨਾਲ ਨਸ਼ੀਲੇ ਪਦਾਰਥਾਂ ਦੇ ਨਿਰਮਾਤਾ ਸੁਮਿਤ ਅਗਰਵਾਲ ਦੀ ਗ੍ਰਿਫ਼ਤਾਰੀ ਕਰਨ ਵਿੱਚ ਸਫਲਤਾ ਮਿਲੀ। ਇਸ ਸਬੰਧੀ ਐਫਆਈਆਰ ਨੰ. 60 ਮਿਤੀ 12.08.23 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 22ਸੀ ਤਹਿਤ ਥਾਣਾ ਮੂਲੇਪੁਰ ਫਤਹਿਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

Scroll to Top