ਚੰਡੀਗੜ੍ਹ, 08 ਨਵੰਬਰ 2023: ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ‘ਤੰਦਰੁਸਤ ਮਨੁੱਖੀ ਜੀਵਨ ਅਤੇ ਸੁਰੱਖਿਅਤ ਵਾਤਾਵਰਣ ਲਈ ਮੋਟੇ ਅਨਾਜ ਦੀ ਵਰਤੋਂ’ ਵਿਸ਼ੇ ‘ਤੇ ਤਿੰਨ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਸਮਾਪਤੀ ਸਮਾਗਮ ਮੰਗਲਵਾਰ ਦੇਰ ਸ਼ਾਮ ਕਰਵਾਇਆ ਗਿਆ ਜਿਸ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ (Bandaru Dattatreya) ਨੇ ਸ਼ਿਰਕਤ ਕੀਤੀ। ਭੋਜਨ ਵਿਚ ਮੋਟੇ ਅਨਾਜ ਦੀ ਵਰਤੋਂ ‘ਤੇ ਜ਼ੋਰ ਦਿੰਦੇ ਹੋਏ ਦੱਤਾਤ੍ਰੇਅ ਨੇ ਕਿਹਾ ਕਿ ਮੋਟੇ ਅਨਾਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਇਸ ਲਈ ਇਸ ਨੂੰ ਆਪਣੀ ਰੋਜ਼ਾਨਾ ਖੁਰਾਕ ਵਿਚ ਸ਼ਾਮਲ ਕਰੋ।
ਰਾਜਪਾਲ ਦੱਤਾਤ੍ਰੇਅ ਨੇ ਕਿਹਾ ਕਿ ਹਰਿਆਣਾ ਸਰਕਾਰ ਮੋਟੇ ਅਨਾਜ ਖਾਸ ਤੌਰ ‘ਤੇ ਬਾਜਰੇ ਦਾ ਉਤਪਾਦਨ ਵਧਾਉਣ ‘ਤੇ ਜ਼ੋਰ ਦੇ ਰਹੀ ਹੈ ਅਤੇ ਇਸ ਦਿਸ਼ਾ ‘ਚ ਕਿਸਾਨਾਂ ਨੂੰ ਅਮੀਰ ਬਣਾਉਣ ਲਈ ਬਾਜਰੇ ਨੂੰ ਭਾਵੰਤਰ ਭਰਪਾਈ ਯੋਜਨਾ ‘ਚ ਸ਼ਾਮਲ ਕੀਤਾ ਗਿਆ ਹੈ। ਰਾਜ ਵਿੱਚ ਬਾਜਰੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ ਕਦਮ ਵਜੋਂ, ਇਸ ਸਾਲ ਭਿਵਾਨੀ ਜ਼ਿਲ੍ਹੇ ਵਿੱਚ ਇੱਕ ਪੌਸ਼ਟਿਕ-ਅਨਾਜ ਖੋਜ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੇ ਸੇਵਨ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ, ਕਿਡਨੀ, ਕੈਂਸਰ ਆਦਿ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਰਾਜਪਾਲ ਨੇ ਕਿਹਾ ਕਿ ਜਦੋਂ ਤੱਕ ਖੁਰਾਕ ਵਿੱਚ ਅਨਾਜ ਨੂੰ ਨਹੀਂ ਬਦਲਿਆ ਜਾਂਦਾ, ਉਦੋਂ ਤੱਕ ਦੇਸ਼ ਦੀ ਸਿਹਤ ਨਹੀਂ ਬਦਲ ਸਕਦੀ, ਇਸ ਲਈ ਸਾਨੂੰ ਮੋਟੇ ਅਨਾਜ ਦੀ ਵਰਤੋਂ ਵੱਡੇ ਪੱਧਰ ‘ਤੇ ਕਰਨੀ ਪਵੇਗੀ।
ਰਾਜਪਾਲ ਦੱਤਾਤ੍ਰੇਅ (Bandaru Dattatreya) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਾਜਰੇ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਹੈ ਅਤੇ ਸੰਯੁਕਤ ਰਾਸ਼ਟਰ ਨੇ ਵੀ ਉਨ੍ਹਾਂ ਦੀ ਬੇਨਤੀ ‘ਤੇ ਬਾਜਰੇ ਨੂੰ ‘ਅੰਤਰਰਾਸ਼ਟਰੀ ਬਾਜਰੇ ਦਾ ਸਾਲ’ ਘੋਸ਼ਿਤ ਕੀਤਾ ਹੈ। ਮੋਟੇ ਅਨਾਜ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿਵਾਉਣ ਦੀ ਇਸ ਮੁਹਿੰਮ ਤਹਿਤ ਕੇਂਦਰ ਸਰਕਾਰ ਨੇ ਇਸ ਸਾਲ ਇਸ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਕੇਂਦਰ ਨੇ ਨਵੀਂ ਯੋਜਨਾ ‘ਸ਼੍ਰੀਧਨਿਆ’ ਸ਼ੁਰੂ ਕੀਤੀ ਹੈ।