ਚੰਡੀਗੜ੍ਹ, 04 ਨਵੰਬਰ 2023: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 55 ਪੀਡਬਲਯੂਡੀ ਪ੍ਰੋਜੈਕਟਾਂ (PWD projects) ਵਿੱਚ 72 ਕਰੋੜ ਦੀ ਬੱਚਤ ਕਰਨ ਲਈ ਇਮਾਨਦਾਰ ਅਤੇ ਪਾਰਦਰਸ਼ੀ ਮਾਨ ਸਰਕਾਰ ਦੀ ਸ਼ਲਾਘਾ ਕੀਤੀ। ਇੱਕ ਸਾਲ ਸੱਤ ਮਹੀਨਿਆਂ ਤੋਂ ਸੂਬੇ ਦੀ ਮਾਨ ਸਰਕਾਰ ਬਹੁਤ ਹੀ ਕੁਸ਼ਲਤਾ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਖਜ਼ਾਨੇ ਦੇ ਪੈਸੇ ਦੀ ਬਰਬਾਦੀ ਨੂੰ ਰੋਕ ਰਹੀ ਹੈ।
ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਪੰਜਾਬ ਦੇ ਬੁਲਾਰੇ ਅਤੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਮਾਨ ਸਰਕਾਰ ਨੇ ਸੂਬੇ ਅਤੇ ਸਰਕਾਰੀ ਸਿਸਟਮ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ। ਜਿਸ ਕਾਰਨ ਹੁਣ ਠੇਕੇਦਾਰਾਂ ਅਤੇ ਵਿਕਰੇਤਾਵਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਠੇਕੇ ਲੈਣ ਲਈ ਕੋਈ ਰਿਸ਼ਵਤ ਨਹੀਂ ਦੇਣੀ ਪਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਸਿਆਸੀ ਨੇਤਾਵਾਂ ਨਾਲ ਕਿਸੇ ਤਰ੍ਹਾਂ ਦੇ ਸਬੰਧਾਂ ਦੀ ਲੋੜ ਹੈ। ਇਸ ਲਈ ਉਹ ਈ-ਟੈਂਡਰਾਂ ਅਤੇ ਬੋਲੀ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ।
ਸੰਘੇੜਾ ਨੇ ਅੱਗੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਪਾਰਦਰਸ਼ੀ ਪ੍ਰਣਾਲੀ ਦਾ ਵਾਅਦਾ ਕੀਤਾ ਸੀ। ਹੁਣ ਡੇਢ ਸਾਲ ਬਾਅਦ ਇਨ੍ਹਾਂ ਇਮਾਨਦਾਰ ਨੀਤੀਆਂ ਦੇ ਪੰਜਾਬ ਲਈ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਸਾਡੀ ਸਰਕਾਰ ਵਿਚ ਕੋਈ ਕਮਿਸ਼ਨ ਅਤੇ ਵਿਚੋਲੇ ਨਹੀਂ ਹਨ ਕਿਉਂਕਿ ਅਸੀਂ ਸੰਗਠਿਤ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਹੈ। ਸੰਘੇੜਾ ਨੇ ਕਿਹਾ ਕਿ ਸਾਨੂੰ ਸਾਡੀਆਂ ਗਾਰੰਟੀਆਂ ‘ਤੇ ਪਹੁੰਚਾਉਣ ਅਤੇ ਜਨਤਾ ਦੇ ਪੈਸੇ ਦੀ ਬਚਤ ਕਰਨ ਲਈ ਸਾਡੀ ਸਰਕਾਰ ‘ਤੇ ਮਾਣ ਹੈ।
ਸੰਘੇੜਾ ਨੇ ਅੱਗੇ ਕਿਹਾ ਕਿ ਲੋਕ ਨਿਰਮਾਣ ਵਿਭਾਗ, ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਚੰਗੇ ਕੰਮ ਲਈ ਸ਼ਲਾਘਾ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਪ੍ਰੋਜੈਕਟਾਂ ਦੀ ਗੁਣਵੱਤਾ ਬਿਹਤਰ ਹੋਵੇਗੀ ਅਤੇ ਸਮੇਂ ਸਿਰ ਮੁਕੰਮਲ ਹੋਣਗੇ ਇਸ ਲਈ ਕੋਈ ਸੋਧਿਆ ਹੋਇਆ ਖਰਚਾ ਵੀ ਨਹੀਂ ਹੋਵੇਗਾ।
ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੁਆਰਾ ਸੜਕਾਂ ਦੇ ਨਵੀਨੀਕਰਨ (PWD projects) ਲਈ ਅਲਾਟ ਕੀਤੇ ਗਏ ਟੈਂਡਰਾਂ ਨੇ ਲਗਭਗ 430 ਕਿਲੋਮੀਟਰ ਸੜਕਾਂ ਦੇ 55 ਸੜਕੀ ਕੰਮਾਂ ਦੇ ਨਿਰਮਾਣ ਲਈ 72 ਕਰੋੜ ਰੁਪਏ (ਲਗਭਗ 21 ਪ੍ਰਤੀਸ਼ਤ) ਦੀ ਬਚਤ ਕੀਤੀ। ਅਨੁਮਾਨਿਤ ਲਾਗਤ 342 ਕਰੋੜ ਰੁਪਏ ਸੀ ਅਤੇ 270 ਕਰੋੜ ਦੇ ਠੇਕੇ ਦਿੱਤੇ ਗਏ। ਠੇਕੇ ਉਹਨਾਂ ਨੂੰ ਦਿੱਤੇ ਜਾਂਦੇ ਹਨ ਜੋ ਘੱਟੋ-ਘੱਟ ਲਾਗਤ ‘ਤੇ ਵੱਧ ਤੋਂ ਵੱਧ ਗੁਣਵੱਤਾ ਪ੍ਰਦਾਨ ਕਰਨਗੇ। ਸੰਘੇੜਾ ਨੇ ਕਿਹਾ ਕਿ ਵਿਭਾਗ ਵੱਲੋਂ ਪ੍ਰਾਪਤ ਕੀਤੀ ਬੱਚਤ ਨੂੰ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਰਤਿਆ ਜਾਵੇਗਾ।