ਚੰਡੀਗੜ੍ਹ, 31 ਅਕਤੂਬਰ 2023: ਅਫਗਾਨਿਸਤਾਨ (Afghanistan) ਦੀ ਟੀਮ ਵਿਸ਼ਵ ਕੱਪ 2023 ‘ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸੋਮਵਾਰ ਨੂੰ ਇਸ ਨੇ 1996 ਦੀ ਚੈਂਪੀਅਨ ਸ਼੍ਰੀਲੰਕਾ ਟੀਮ ਨੂੰ ਸੱਤ ਵਿਕਟਾਂ ਨਾਲ ਹਰਾਇਆ ਹੈ । ਅਫਗਾਨਿਸਤਾਨ ਨੇ ਇਸ ਜਿੱਤ ਨਾਲ ਅੰਕ ਸੂਚੀ ਵਿੱਚ ਵੱਡਾ ਬਦਲਾਅ ਕੀਤਾ ਹੈ। ਇਹ ਟੀਮ ਅਜੇ ਵੀ ਆਖ਼ਰੀ ਚਾਰ ਵਿੱਚ ਥਾਂ ਬਣਾਉਣ ਦੀ ਦਾਅਵੇਦਾਰ ਹੈ। ਅਫਗਾਨਿਸਤਾਨ ਦੇ ਤਿੰਨ ਹੋਰ ਮੈਚ ਬਾਕੀ ਹਨ ਅਤੇ ਜੇਕਰ ਟੀਮ ਤਿੰਨੋਂ ਮੈਚ ਜਿੱਤਣ ‘ਚ ਸਫਲ ਰਹਿੰਦੀ ਹੈ ਤਾਂ ਉਹ ਇਤਿਹਾਸ ਵੀ ਰਚ ਸਕਦੀ ਹੈ।
image credit: ICC Cricket World Cup
ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਪਥੁਮ ਨਿਸਾਂਕਾ ਦੀਆਂ 46 ਦੌੜਾਂ, ਕਪਤਾਨ ਕੁਸਲ ਮੈਂਡਿਸ ਦੀਆਂ 39 ਦੌੜਾਂ ਅਤੇ ਸਦਾਰਾ ਸਮਰਾਵਿਕਰਮਾ ਦੀਆਂ 36 ਦੌੜਾਂ ਦੀ ਮਦਦ ਨਾਲ 49.3 ਓਵਰਾਂ ‘ਚ 241 ਦੌੜਾਂ ਬਣਾਈਆਂ ਅਤੇ ਸਾਰੀਆਂ ਵਿਕਟਾਂ ਗੁਆ ਦਿੱਤੀਆਂ।
ਅਫਗਾਨਿਸਤਾਨ (Afghanistan) ਲਈ ਫਜ਼ਲਹਕ ਫਾਰੂਕੀ ਨੇ ਚਾਰ ਵਿਕਟਾਂ ਲਈਆਂ। ਜਵਾਬ ‘ਚ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੂੰ ਪਹਿਲਾ ਝਟਕਾ ਰਹਿਮਾਨਉੱਲਾ ਗੁਰਬਾਜ਼ ਦੇ ਰੂਪ ‘ਚ ਜ਼ੀਰੋ ‘ਤੇ ਲੱਗਾ। ਇਸ ਤੋਂ ਬਾਅਦ ਇਬਰਾਹਿਮ ਜ਼ਦਰਾਨ ਦੀਆਂ 39 ਦੌੜਾਂ, ਰਹਿਮਤ ਸ਼ਾਹ ਦੀਆਂ 62 ਦੌੜਾਂ, ਕਪਤਾਨ ਸ਼ਾਹਿਦੀ ਦੀਆਂ ਨਾਬਾਦ 58 ਦੌੜਾਂ ਅਤੇ ਅਜ਼ਮਤੁੱਲਾ ਉਮਰਜ਼ਈ ਦੀਆਂ ਨਾਬਾਦ 73 ਦੌੜਾਂ ਦੀ ਬਦੌਲਤ ਅਫਗਾਨਿਸਤਾਨ ਨੇ 45.2 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਸ਼੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ।