ਚੰਡੀਗੜ੍ਹ, 30 ਅਕਤੂਬਰ 2023: ਆਂਧਰਾ ਪ੍ਰਦੇਸ਼ (Andhra Pradesh) ਦੇ ਵਿਜਿਆਨਗਰਮ ਜ਼ਿਲ੍ਹੇ ਵਿੱਚ ਦੋ ਟਰੇਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਘੱਟੋ-ਘੱਟ 14 ਜਣਿਆਂ ਦੀ ਮੌਤ ਹੋ ਗਈ ਹੈ । ਇਸ ਦੌਰਾਨ 50 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਡਿਵੀਜ਼ਨਲ ਰੇਲਵੇ ਮੈਨੇਜਰ ਨੇ ਦੱਸਿਆ ਕਿ ਹਾਵੜਾ-ਚੇਨਈ ਮਾਰਗ ‘ਤੇ ਵਿਸ਼ਾਖਾਪਟਨਮ-ਪਲਾਸਾ ਪੈਸੰਜਰ ਟਰੇਨ ਅਤੇ ਵਿਸ਼ਾਖਾਪਟਨਮ-ਰਾਏਗੜਾ ਪੈਸੰਜਰ ਟਰੇਨ ਵਿਚਾਲੇ ਟੱਕਰ ਹੋ ਗਈ। ਹਾਦਸੇ ਵਿੱਚ ਤਿੰਨ ਡੱਬੇ ਨੁਕਸਾਨੇ ਗਏ। ਬਚਾਅ ਕਾਰਜ ਜਾਰੀ ਹੈ। ਸਥਾਨਕ ਪ੍ਰਸ਼ਾਸਨ ਅਤੇ ਐਨਡੀਆਰਐਫ ਨੂੰ ਸਹਾਇਤਾ ਅਤੇ ਐਂਬੂਲੈਂਸ ਲਈ ਸੂਚਿਤ ਕਰ ਦਿੱਤਾ ਗਿਆ ਹੈ। ਦੁਰਘਟਨਾ ਰਾਹਤ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।
ਈਸਟ ਕੋਸਟ ਰੇਲਵੇ ਦੇ ਬੁਲਾਰੇ ਵਿਸ਼ਵਜੀਤ ਸਾਹੂ ਨੇ ਦੱਸਿਆ ਕਿ ਫਿਲਹਾਲ ਹਾਦਸੇ ਵਾਲੀ ਥਾਂ ‘ਤੇ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਖਤਮ ਹੋ ਗਏ ਹਨ। ਅਸੀਂ ਫਸੇ ਹੋਏ ਯਾਤਰੀਆਂ ਲਈ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ। ਹੁਣ ਤੱਕ 18 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 22 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ। ਅਸੀਂ ਸ਼ਾਮ 4 ਵਜੇ ਤੱਕ ਟਰੈਕ ਨੂੰ ਦੁਬਾਰਾ ਖੋਲ੍ਹਣ ‘ਤੇ ਕੰਮ ਕਰ ਰਹੇ ਹਾਂ।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ, ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ (Andhra Pradesh) ਦੇ ਮੁੱਖ ਮੰਤਰੀ ਨਾਲ ਗੱਲ ਕੀਤੀ। ਫਿਲਹਾਲ ਸਥਿਤੀ ਕਾਬੂ ਹੇਠ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਗੱਲ ਕੀਤੀ ਅਤੇ ਅਲਮੰਦਾ ਅਤੇ ਕੰਟਕਪੱਲੇ ਸੈਕਸ਼ਨ ਦੇ ਵਿਚਕਾਰ ਦੁਰਘਟਨਾਗ੍ਰਸਤ ਰੇਲਗੱਡੀ ਦੇ ਸਬੰਧ ਵਿੱਚ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ।