July 2, 2024 8:24 pm
PCB

ਪਾਕਿਸਤਾਨ ਦੀ ਹਾਰ ਦੇ ਵਿਚਕਾਰ PCB ਦੀ ਵੱਡੀ ਕਾਰਵਾਈ, ਟੀਮ ਦਾ ਮੀਡੀਆ ਮੈਨੇਜਰ ਬਰਖ਼ਾਸਤ

ਚੰਡੀਗੜ੍ਹ, 28 ਅਕਤੂਬਰ 2023: ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਪਾਕਿਸਤਾਨੀ ਟੀਮ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਦੱਖਣੀ ਅਫਰੀਕਾ ਦੇ ਹੱਥੋਂ ਰੋਮਾਂਚਕ ਮੈਚ ‘ਚ ਇਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਕੱਪ 2023 ‘ਚ ਪਾਕਿਸਤਾਨ ਦੀ ਇਹ ਲਗਾਤਾਰ ਚੌਥੀ ਹਾਰ ਹੈ ਅਤੇ ਇਸ ਹਾਰ ਦੇ ਨਾਲ ਹੀ ਪਾਕਿਸਤਾਨ ਦੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਇਸ ਹਾਰ ਤੋਂ ਬਾਅਦ ਜਿੱਥੇ ਕਪਤਾਨ ਬਾਬਰ ਆਜ਼ਮ ‘ਤੇ ਸਵਾਲ ਖੜ੍ਹੇ ਹੋ ਰਹੇ ਹਨ, ਉਥੇ ਹੀ ਪੀਸੀਬੀ (PCB) ਨੇ ਹੁਣ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਟੀਮ ਦੇ ਮੀਡੀਆ ਮੈਨੇਜਰ ਅਹਿਸਾਨ ਨਾਗੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਅਹਿਸਾਨ ਨਾਗੀ ਨੂੰ 24 ਘੰਟਿਆਂ ਦੇ ਅੰਦਰ ਪਾਕਿਸਤਾਨ ਪਰਤਣ ਦਾ ਹੁਕਮ ਦਿੱਤਾ ਗਿਆ ਹੈ। ਪੀਸੀਬੀ (PCB) ਨੇ ਉਨ੍ਹਾਂ ਦੀ ਥਾਂ ‘ਤੇ ਉਮਰ ਫਾਰੂਕ ਕਾਲਸਨ ਨੂੰ ਨਵਾਂ ਮੀਡੀਆ ਮੈਨੇਜਰ ਨਿਯੁਕਤ ਕੀਤਾ ਹੈ। ਉਮਰ ਫਾਰੂਕ ਏਸ਼ੀਆ ਕੱਪ ਦੌਰਾਨ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਉਹ ਕੈਸੀਨੋ ਗਏ ਸਨ। ਆਈਸੀਸੀ ਦੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਦਾ ਦੋਸ਼ ਸੀ।

ਵਨਡੇ ਵਿਸ਼ਵ ਕੱਪ 2023 ‘ਚ ਪਾਕਿਸਤਾਨੀ ਟੀਮ ਦੇ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਬਾਬਰ ਆਜ਼ਮ ਵੀ ਆਲੋਚਕਾਂ ਦੇ ਰਾਡਾਰ ‘ਤੇ ਹਨ। ਬਾਬਰ ਆਜ਼ਮ ਦੀ ਕਪਤਾਨੀ ‘ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਬਾਬਰ ਆਜ਼ਮ ਨੂੰ ਵੀ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ।