ਖੇਮਕਰਨ, 26 ਅਕਤੂਬਰ, 2023: ਹਲਕਾ ਖੇਮਕਰਨ (Khemkaran) ਦੇ ਅਧੀਨ ਪੈਂਦੇ ਕਸਬਾ ਖਾਲੜਾ ਦੇ ਗੁਰਦੁਆਰਾ ਭਾਈ ਜਗਤਾ ਜੀ ਦੇ ਨਜ਼ਦੀਕ ਪੈਂਦੀ ਇੱਕ ਗਲੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਰਾਰਤੀ ਅਨਸਰ ਵੱਲੋਂ ਗੁਟਕਾ ਸਾਹਿਬ ਦੇ ਅੰਗਾਂ ਪਾੜ ਕੇ ਉਨਾਂ ਦੀ ਬੇਅਦਬੀ ਕਰਕੇ ਗਲੀ ਵਿੱਚ ਸੁੱਟਣ ਨਾਲ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਿੰਡ ਖਾਲੜਾ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਰਣਜੀਤ ਸਿੰਘ ਵਕਤ ਕਰੀਬ 6 ਵਜੇ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਗਲੀ ਵਿੱਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦਿਖਾਈ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਨਜ਼ਦੀਕ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਸੁਖਦੇਵ ਸਿੰਘ ਉਰਫ ਬਿੱਟੂ ਨੂੰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਦਿਖਾਏ। ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਮਾਮਲੇ ਦੀ ਜਾਣਕਾਰੀ ਖਾਲੜਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਥਾਣਾ ਖਾਲੜਾ ਦੇ ਐਸਐਚਓ ਬਲਵਿੰਦਰ ਸਿੰਘ ਪਹੁੰਚੇ |
ਉਨਾਂ ਨੇ ਪਹਿਲਾਂ ਜਿਸ ਗਲੀ ਵਿੱਚੋਂ ਗੁਟਕਾ ਸਾਹਿਬ ਜੀ ਦੇ ਫਟੇ ਹੋਏ ਅੰਗ ਮਿਲੇ ਸਨ ਉਸ ਗਲੀ ਵਿੱਚ ਜਾ ਕੇ ਦੇਖਿਆ ਅਤੇ ਨਜਦੀਕੀ ਲੋਕਾਂ ਦੇ ਘਰਾਂ ਦੀ ਜਾਂਚ ਵੀ ਕੀਤੀ । ਇਸ ਮਾਮਲੇ ਸੰਬੰਧੀ ਥਾਣਾ ਖਾਲੜਾ (Khemkaran) ਦੇ ਐਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲਣ ਦੇ ਮਾਮਲੇ ਵਿੱਚ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਖਦੇਵ ਸਿੰਘ ਦੇ ਬਿਆਨ ਕਲਮਬੰਦ ਕਰਕੇ ਉਕਤ ਮਾਮਲੇ ਵਿੱਚ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਗਲੀ ਨਜ਼ਦੀਕ ਕਿਸੇ ਕਥਿਤ ਵਿਅਕਤੀ ਦੀ ਹਵੇਲੀ ਹੈ, ਜਿਸ ਵਿੱਚ ਸਵੇਰ ਟਾਈਮ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਮਿਲੇ ਸਨ ਪਰੰਤੂ ਕਥਿਤ ਤੌਰ ‘ਤੇ ਉਕਤ ਮਾਮਲੇ ਦੀ ਜਾਣਕਾਰੀ ਘਰ ਵਾਲਿਆਂ ਨੇ ਪੁਲਿਸ ਨੂੰ ਨਹੀਂ ਦਿੱਤੀ ਤਾਂ ਜਦੋਂ ਗਲੀ ਵਿੱਚੋਂ ਅੰਗ ਬਰਾਮਦ ਹੁੰਦੇ ਹਨ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਦਾਅਵਾ ਹੈ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਗੁਟਕਾ ਸਾਹਿਬ ਦੇ ਅੰਗ ਛੋਟੇ ਬੱਚੇ ਰਣਜੀਤ ਸਿੰਘ ਨੂੰ ਮਿਲੇ ਸਨ ਉਹ ਤਕਰੀਬਨ ਸੱਤ ਸਨ ਅਤੇ ਕੁਝ ਅੰਗਾਂ ਨੂੰ ਸ਼ਰਾਰਤੀ ਅਨਸਰ ਵੱਲੋਂ ਅਗਨੀ ਭੇਂਟ ਵੀ ਕੀਤਾ ਗਿਆ ਹੈ, ਜਿਸ ਦੀ ਰਾਖ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।