ਚੰਡੀਗੜ੍ਹ, 21 ਅਕਤੂਬਰ, 2023: ਕੈਨੇਡਾ (Canada) ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਪਟਿਆਲਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਪਾਤੜਾਂ ਦੇ ਪਿੰਡ ਸੇਲਵਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਹੋ ਗਈ |
ਇਸ ਸੰਬੰਧੀ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਤਰਵਿੰਦਰ ਸਿੰਘ ਕਰੀਬ 13 ਮਹੀਨੇ ਪਹਿਲਾ ਕੈਨੇਡਾ (Canada) ਗਿਆ ਸੀ ਅਤੇ ਵਰਕ ਪਰਮਿਟ ਉਤੇ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਜਦ ਉਹ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ ਤਾਂ ਰੈੱਡ ਲਾਈਟ ਉਪਰ ਖੜ੍ਹੀ ਉਸ ਦੀ ਗੱਡੀ ਦੇ ਪਿੱਛੇ ਇੱਕ ਟਰੱਕ ਖੜ੍ਹਾ ਸੀ ਅਤੇ ਉਸ ਦੇ ਪਿੱਛੇ ਤੋਂ ਆਏ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿਛੇ ਵਾਲੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸਨੇ ਨਾਲ ਉਸ ਦੀ ਪਿਛੇ ਖੜ੍ਹਾ ਟਰੱਕ ਗੱਡੀ ਉਪਰ ਚੜ੍ਹ ਗਿਆ ਅਤੇ ਉਸ ਦੇ ਨੌਜਵਾਨ ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦਸਿਆ ਜਾ ਰਿਹਾ ਹੈ ਕਿ ਤਰਵਿੰਦਰ ਸਿੰਘ ਦਾ ਵਿਆਹ ਕਰੀਬ 2 ਸਾਲ ਪਹਿਲਾਂ ਹੋਇਆ ਸੀ। ਪਿੰਡ ਦੇ ਸਰਪੰਚ ਸੁਭਾਹ ਸਿੰਘ ਅਤੇ ਬਿੱਕਰ ਸਿੰਘ ਨੇ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਤੋਂ ਮੱਦਦ ਦੀ ਅਪੀਲ ਕੀਤੀ ਹੈ |