Manjot Sidhu

ਔਖੇ ਵੇਲੇ ਬਲਬੀਰ ਸਿੱਧੂ ਨੇ ਮਾਰਿਆ ਸੀ ਕਾਂਗਰਸ ਦੀ ਪਿੱਠ ‘ਚ ਛੁਰਾ: ਮਨਜੋਤ ਸਿੰਘ

ਚੰਡੀਗੜ੍ਹ, 16 ਅਕਤੂਬਰ 2023: ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮਨਜੋਤ ਸਿੰਘ (Manjot singh) ਨੇ ਕਿਹਾ ਕਿ ਜਿਹੜੇ ਦਲ ਬਦਲੂ ਤੇ ਔਖੇ ਸਮੇਂ ਪਾਰਟੀ ਦੀ ਪਿੱਠ ‘ਚ ਛੁਰਾ ਮਾਰਨ ਵਾਲੇ ਹਨ ਉਨ੍ਹਾਂ ਨੂੰ ਮੁੜ ਪਾਰਟੀ ‘ਚ ਸ਼ਾਮਲ ਨਾ ਕੀਤਾ ਜਾਵੇ |

ਉਹਨਾਂ ਨੇ ਹਾਲ ਹੀ ਵਿੱਚ ਕਾਂਗਰਸ ‘ਚ ਮੁੜ ਘਰ ਵਾਪਸੀ ਦੀ ਕੋਸ਼ਿਸ਼ ਕਰਨ ਵਾਲੇ ਰਾਜ ਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ, ਹੰਸ ਰਾਜ ਜੋਸਨ, ਬਲਬੀਰ ਸਿੰਘ ਸਿੱਧੂ ਅਤੇ ਕਈ ਹੋਰ ਲੀਡਰਾਂ ਬਾਲੇ ਬੋਲਦਿਆਂ ਕਿਹਾ ਕਿ ਇਹ ਸਾਰੇ ਮੌਕਾ ਪ੍ਰਸਤ ਲੀਡਰ ਹਨ ਕਿਹੜੇ ਔਖੇ ਵੇਲੇ ਕਾਂਗਰਸ ਨੂੰ ਛੱਡ ਕੇ ਚਲੇ ਗਏ ਸੀ |

ਉਨ੍ਹਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ‘ਤੇ ਤੰਜ਼ ਕੱਸਦਿਆ ਕਿਹਾ ਕਿ ਪਾਰਟੀ ਨੇ ਸਾਬਕਾ ਮੰਤਰੀ ਸਿੱਧੂ ਨੂੰ ਅਹਿਮ ਅਹੁਦਿਆਂ ਨਾਲ ਨਿਵਾਜਿਆ, ਉਨ੍ਹਾਂ ਨੂੰ ਕੈਬਨਿਟ ਮੰਤਰੀ ਤੇ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਜੀਤੀ ਨੂੰ ਮੋਹਾਲੀ ਦਾ ਮੇਅਰ ਬਣਾਇਆ, ਉਨ੍ਹਾਂ ਦੇ ਪੁੱਤਰ ਨੂੰ ਜਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਪਰ ਇਸ ਸਭ ਦੇ ਬਾਵਜੂਦ ਜਦੋਂ ਕਾਂਗਰਸ ਸੱਤਾ ‘ਚੋਂ ਬਾਹਰ ਹੋਈ ਅਤੇ ਆਮ ਆਦਮੀ ਪਾਰਟੀ ਸੱਤਾ ‘ਚ ਆਈ ਤਾਂ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਅਤੇ ਭਾਜਪਾ ਦੇ ਸੋਹਲੇ ਗਾਉਂਦੇ ਰਹੇ ਤੇ ਹੁਣ ਜਦੋ ਕਾਂਗਰਸ ਪਾਰਟੀ ਮੁੜ ਤੋਂ ਪੰਜਾਬ ‘ਚ ਪੈਰ ਪਸਾਰ ਰਹੀ ਹੈ ਤਾਂ ਇਹ ਦਲ ਬਦਲੂ ਲੋਕ ਮੁੜ ਤੋਂ ਸਿਆਸੀ ਫ਼ਾਇਦਾ ਲੈਣ ਲਈ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ | ਜੇਕਰ ਕਾਂਗਰਸ ਪਾਰਟੀ ਇਨ੍ਹਾਂ ਨੂੰ ਮੁੜ ਤੋਂ ਪਾਰਟੀ ‘ਚ ਸ਼ਾਮਲ ਕਰਦੀ ਹੈ ਤਾਂ ਉਸ ਨਾਲ ਕਾਂਗਰਸੀ ਵਰਕਰਾਂ ‘ਚ ਹੋਰ ਨਿਰਾਸ਼ਾ ਵਧੇਗੀ ਜੋ ਭਵਿੱਖ ਵਿੱਚ ਕਾਂਗਰਸ ਲਈ ਬਹੁਤ ਘਾਤਕ ਸਾਬਤ ਹੋ ਸਕਦੀ ਹੈ |

ਉਨ੍ਹਾਂ (Manjot Singh) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੇਤੇ ਕਰਵਾਇਆ ਕਿ ਤੁਸੀਂ ਬਲਬੀਰ ਸਿੰਘ ਸਿੱਧੂ ਦੇ ਕਾਂਗਰਸ ਛੱਡਣ ਤੋਂ ਬਾਅਦ ਮੋਹਾਲੀ ‘ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪਾਰਟੀ ਦੀ ਪਿੱਠ ‘ਚ ਛੁਰਾ ਮਾਰਨ ਵਾਲੇ ਲੋਕਾਂ ਦੀ ਪਾਰਟੀ ‘ਚ ਕੋਈ ਜਗ੍ਹਾ ਨਹੀਂ ਹੈ ਤੇ ਜਦੋਂ ਤੱਕ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਹਾਂ ਓਦੋਂ ਤੱਕ ਇਨ੍ਹਾਂ ਨੂੰ ਕਾਂਗਰਸ ‘ਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ, ਪਰ ਹੁਣ ਤੁਸੀਂ ਉਨ੍ਹਾਂ ਲੀਡਰਾਂ ਨੂੰ ਹੀ ਪਾਰਟੀ ‘ਚ ਸ਼ਾਮਲ ਕਰਵਾ ਰਹੇ ਹੋ ਜਿਸ ਨਾਲ ਪਾਰਟੀ ‘ਚ ਨਿਰਾਸ਼ਾ ਦਾ ਮਾਹੌਲ ਹੈ | ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਇਨ੍ਹਾਂ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਨਾ ਕਰਵਾਇਆ ਜਾਵੇ |

ਇਸਦੇ ਨਾਲ ਹੀ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਅਤੇ AICC ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇੱਕ ਵਾਰ ਇਸ ਗੱਲ ‘ਤੇ ਜ਼ਰੂਰ ਵਿਚਾਰ ਕਰਨ ਤੇ ਆਪਣੇ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਦਲ-ਬਦਲੂ ਲੀਡਰਾਂ ਦੀ ਘਰ ਵਾਪਸੀ ਨਾ ਹੋਣ ਦੇਣ, ਕਿਉਂਕਿ ਇਸ ਨਾਲ ਕਾਂਗਰਸ ਨੂੰ ਆਉਣ ਵਾਲੀਆਂ ਚੋਣਾਂ ‘ਚ ਭਾਰੀ ਨੁਕਸਾਨ ਹੋ ਸਕਦਾ ਹੈ |

Scroll to Top