ਚੰਡੀਗੜ੍ਹ, 13 ਅਕਤੂਬਰ 2023: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਗ੍ਰਿਫਤਾਰ ਕਾਂਗਰਸ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ (OP Soni) ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਓਪੀ ਸੋਨੀ ਦੀ ਗ੍ਰਿਫ਼ਤਾਰੀ ਤੋਂ ਲਗਭਗ 3 ਮਹੀਨੇ ਬਾਅਦ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਿਨ ਦੀ ਲਗਾਤਾਰ ਬਹਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਓਪੀ ਸੋਨੀ ਨੂੰ ਇਹ ਰਾਹਤ ਮੈਡੀਕਲ ਸਟੇਟਸ ਰਿਪੋਰਟ ਦੇ ਆਧਾਰ ‘ਤੇ ਦਿੱਤੀ ਗਈ ਹੈ। ਹੁਣ ਓਪੀ ਸੋਨੀ ਜਲਦ ਹੀ ਜੇਲ੍ਹ ਤੋਂ ਬਾਹਰ ਆਉਣਗੇ |
ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ 9 ਜੁਲਾਈ ਨੂੰ ਐਫਆਈਆਰ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ ਹੈ ਕਿ 1 ਅਪ੍ਰੈਲ 2016 ਤੋਂ 31 ਮਾਰਚ 2022 ਤਕ ਸਾਬਕਾ ਉਪ ਮੁੱਖ ਮੰਤਰੀ (OP Soni) ਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4.52 ਕਰੋੜ ਰੁਪਏ ਸੀ ਜਦਕਿ ਖਰਚਾ 12.48 ਕਰੋੜ ਰੁਪਏ ਸੀ। ਦੋਸ਼ ਹੈ ਕਿ ਇਹ ਖਰਚ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਲਗਪਗ 176.08% ਵੱਧ ਹਨ। ਮੁਲਜ਼ਮ ਓਪੀ ਸੋਨੀ ਨੇ ਇਸ ਦੌਰਾਨ ਕਥਿਤ ਤੌਰ ’ਤੇ ਆਪਣੀ ਪਤਨੀ ਅਤੇ ਪੁੱਤਰ ਦੇ ਨਾਂ ’ਤੇ ਜਾਇਦਾਦ ਜੁਟਾਈ ਹੈ।