ਐਸ.ਏ.ਐਸ.ਨਗਰ, 4 ਅਕਤੂਬਰ 2023: ਡਿਪਟੀ ਕਮਿਸ਼ਨਰ, ਐੱਸ.ਏ.ਐੱਸ.ਨਗਰ (Mohali) ਆਸ਼ਿਕਾ ਜੈਨ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨਾਲ ਸੰਪਰਕ ਕਰਨ ਹਿੱਤ ਜਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਸ ਨੂੰ ਪਿੰਡਾਂ ਚ ਪਹੁੰਚ ਕਰਨ ਦੀਆਂ ਹਦਾਇਤਾਂ ਤਹਿਤ ਉਪ ਮੰਡਲ ਮੈਜਿਸਟਰੇਟ ਮੋਹਾਲੀ ਚੰਦਰ ਜੋਤੀ ਸਿੰਘ ਨੇ ਪਿੰਡ ਬਾਸਮਾਂ ਵਿਖੇ ਪਿੰਡ ਪੱਧਰੀ ਕੈਂਪ ਵਿੱਚ ਸ਼ਮੂਲੀਅਤ ਕੀਤੀ।
ਬਾਸਮਾਂ ਅਤੇ ਨਜਦੀਕੀ ਪਿੰਡਾਂ ਦੇ ਕੈਂਪ ਵਿੱਚ ਭਾਗ ਲੈ ਰਹੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀਆਂ ਗੰਢਾਂ ਤਿਆਰ ਕੀਤੀਆਂ ਜਾਣ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਵਾਹ ਕੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਉਪਰਾਲੇ ਕੀਤੇ ਜਾਣ।
ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਮੋਹਾਲੀ (Mohali) ਨੇ ਜਾਣਕਾਰੀ ਦਿੱਤੀ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀਆਂ ਜਾਂਦੀਆਂ ਲਗਭਗ 438 ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿਚੋਂ ਪਰਾਲੀ ਦੀਆ ਗੰਢਾਂ ਤਿਆਰ ਕਰਨ ਵਾਲੀ 14 ਬੇਲਰ ਅਤੇ ਰੇਕ ਮਸ਼ੀਨਾਂ ਦੀ ਖ੍ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬੀਤੀ 10.09.2023 ਨੂੰ ਮਸ਼ੀਨਾਂ ਦੀ ਖ੍ਰੀਦ ਲਈ ਕੱਢੇ ਗਏ ਡਰਾਅ ਤਹਿਤ ਮਸੀਨਰੀ ਖਰੀਦ ਕੇ ਸਬਸਿਡੀ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 04.10.2023 ਬਾਰੇ ਦੱਸਿਆ ਅਤੇ ਰਹਿੰਦੇ ਕਿਸਾਨਾਂ ਦੀ ਚੋਣ ਕਰਨ ਲਈ ਅਕਤੂਬਰ ਦੇ ਪਹਿਲੇ ਹਫਤੇ ਅਗਲਾ ਡਰਾਅ ਕੱਢਣ ਬਾਰੇ ਸੂਚਿਤ ਕੀਤਾ।
ਇਸ ਕੈਂਪ ਵਿੱਚ ਭਾਗ ਲੈਂਦਿਆਂ ਪਿੰਡ ਬਾਸਮਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਉਸਨੂੰ ਪਰਾਲੀ ਦੀਆਂ ਗੰਢਾਂ ਬਨਾਉਣ ਵਾਲੀ ਮਸ਼ੀਨ ਬੇਲਰ/ ਰੇਕਰ ਸਬਸਿਡੀ ਤੇ ਸਰਕਾਰ ਵੱਲੋਂ ਦਿੱਤੀ ਗਈ ਹੈ ਅਤੇ ਉਹ ਆਪਣੇ ਖੇਤ ਦੇ ਕੁਝ ਹਿੱਸੇ ਵਿੱਚ, ਆਲੇ ਦੁਆਲੇ ਦੇ ਪਿੰਡਾਂ ਦੀਆਂ ਤਿਆਰ ਕੀਤੀਆਂ ਪਰਾਲੀ ਦੀਆਂ ਗੰਢਾਂ ਦੀ ਸਟੋਰਜ ਕਰ ਰਿਹਾ ਹੈ। ਉਸ ਨੇ ਪ੍ਰਸ਼ਾਸਨ ਪਾਸੋਂ ਕੁਝ ਪੰਚਾਇਤੀ ਜ਼ਮੀਨ ਹੋਰ ਪਰਾਲੀ ਦੀਆਂ ਗੰਢਾਂ ਦੀ ਸਟੋਰਜ ਲਈ ਦੇਣ ਵਾਸਤੇ ਵੀ ਬੇਨਤੀ ਕੀਤੀ।
ਕੈਂਪ ਵਿੱਚ ਭਾਗ ਲੈ ਰਹੇ ਅਗਾਂਹਵਧੂ ਕਿਸਾਨਾਂ ਨੇ ਸਹਿਕਾਰੀ ਸਭਾਵਾ ਰਾਹੀਂ ਵੱਧ ਤੋਂ ਵੱਧ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਮੰਗ ਕੀਤੀ ਤਾਂ ਜੋ ਛੋਟੇ ਤੇ ਸੀਮਾਂਤ ਕਿਸਾਨਾਂ ਵੱਲੋਂ ਵੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦੀ ਸੁਚੱਜੀ ਕੀਤੀ ਜਾ ਸਕੇ। ਇਸ ਕੈਂਪ ਵਿੱਚ ਹਲਕੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਪੰਚਾਇਤ ਸੈਕਟਰੀ, ਖੇਤੀਬਾੜੀ ਉਪ ਨਿਰੀਖਕ ਅਤੇ ਪਿੰਡ ਬਾਸਮਾਂ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ।