ਚੰਡੀਗੜ੍ਹ 29 ਸਤੰਬਰ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਸਹਿਣਸ਼ੀਲਤਾ ਦੀ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ (VIGILANCE BUREAU) ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਸੋਨੂੰ ਗੋਇਲ, ਜਿਲ੍ਹਾ ਮੈਨੇਜਰ (ਟੈਕਨੀਕਲ ਐਕਸਪਰਟ), ਸਿਟੀ ਮਿਸ਼ਨ ਮੈਨੇਜਮੈਂਟ (ਸੀ.ਐਮ.ਐਮ.) ਯੂਨਿਟ, ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ (ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ), ਨਗਰ ਨਿਗਮ ਬਠਿੰਡਾ ਨੂੰ 7,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ (VIGILANCE BUREAU) ਦੇ ਬੁਲਾਰੇ ਨੇ ਕਿਹਾ ਕਿ ਬਿਊਰੋ ਰਾਜ ਦੇ ਜਨਤਕ ਦਫਤਰਾਂ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਵੇਗੀ ਹੈ ਕਿ ਸੂਬੇ ਵਿੱਚ ਭ੍ਰਿਸ਼ਟਚਾਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਵੇ। ਇਸ ਕੇਸ ਦੇ ਵੇਰਵੇ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਗੁਰਪ੍ਰੀਤ ਕੌਰ, ਪਰਸਰਾਮ ਨਗਰ, ਬਠਿੰਡਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਪ੍ਰੀਤ ਕੌਰ ਨੇ ਵਿਜੀਲੈਂਸ ਬਿਉਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਹ ਆਪਣੇ ਘਰਵਾਲੇ ਦੀ ਮੌਤ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਮੈਡਮ ਗੀਤਾਂਜਲੀ, ਸੀ.ਐਮ.ਐਮ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਬਠਿੰਡਾ ਨੂੰ ਮਿਲੀ ਜਿਸਨੇ ਉਕਤ ਮੁਲਜ਼ਮ ਸੋਨੂੰ ਗੋਇਲ, ਜ਼ਿਲ੍ਹਾ ਮੈਨੇਜਰ ਨੂੰ ਮਿਲਣ ਲਈ ਕਿਹਾ ਜਿਸਨੇ ਉਸਨੂੰ ਅਰਬਨ ਲਰਨਿੰਗ ਇੰਟਰਨਸ਼ਿੱਪ ਪ੍ਰੋਗਰਾਮ ਸਕੀਮ ਤਹਿਤ ਨਗਰ ਨਿਗਮ ਬਠਿੰਡਾ ਵਿਖੇ ਠੇਕੇ ਉੱਪਰ 12,000 ਰੁਪਏ ਮਹੀਨਾ ਉੱਕਾ-ਪੁੱਕਾ ਤਨਖਾਹ ਉਤੇ ਲਗਵਾ ਦਿੱਤਾ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਤੰਬਰ ਮਹੀਨੇ ਦੀ ਤਨਖਾਹ ਆਉਣ ਤੋਂ ਬਾਅਦ ਉਕਤ ਮੈਡਮ ਗੀਤਾਂਜਲੀ, ਸੀ.ਐਮ.ਐਮ., ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਨਗਰ ਨਿਗਮ ਅਬੋਹਰ ਨੇ ਫੋਨ ਕਰਕੇ ਮੇਰੇ ਪਾਸੋਂ ਨੌਕਰੀ ਜਾਰੀ ਰੱਖਣ ਲਈ 10,000 ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੀ ਮੰਗ ਕਰਕੇ 3,000 ਰੁਪਏ ਰਿਸ਼ਵਤ ਹਾਸਲ ਕੀਤੀ ਹੈ ਅਤੇ ਬਾਕੀ ਰਹਿੰਦੀ ਰਿਸ਼ਵਤ ਸਬੰਧੀ ਉਕਤ ਸੋਨੂੰ ਗੋਇਲ, ਜਿਲ੍ਹਾ ਮੈਨੇਜਰ, ਨਗਰ ਨਿਗਮ ਬਠਿੰਡਾ ਨੂੰ ਦੇਣ ਲਈ ਕਿਹਾ ਹੈ। ਇਸ ਪਿੱਛੋਂ ਸੋਨੂੰ ਗੋਇਲ ਨੇ ਰਿਸ਼ਵਤ ਦੀ ਰਕਮ ਨਾ ਦੇਣ ਲਈ ਉਸਨੂੰ ਨੋਕਰੀ ਤੋਂ ਕੱਢਣ ਦਾ ਡਰਾਵਾ ਦਿੱਤਾ ਹੈ।
ਬੁਲਾਰੇ ਨੇ ਦੱਸਿਆ ਕਿ ਉੱਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਪਾਇਆ ਗਿਆ ਕਿ ਉਕਤ ਮੁਲਾਜ਼ਮਾ ਗੀਤਾਂਜਲੀ ਨੇ ਮੁੱਦਈ ਪਾਸੋਂ 3,000 ਰੁਪਏ ਰਿਸ਼ਵਤ ਹਾਸਲ ਕੀਤੀ ਹੈ। ਅੱਜ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਨੇ ਜਾਲ ਵਿਛਾਇਆ ਅਤੇ ਸੋਨੂੰ ਗੋਇਲ, ਜਿਲ੍ਹਾ ਮੈਨੇਜਰ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਨਗਰ ਨਿਗਮ ਬਠਿੰਡਾ ਨੂੰ ਬਾਕੀ ਰਹਿੰਦੀ 7,000 ਰੁਪਏ ਰਿਸ਼ਵਤ ਦੀ ਰਕਮ ਸ਼ਿਕਾਇਤਕਰਤਾ ਪਾਸੋਂ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਮੌਕੇ ਉਤੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮਾਂ ਸੋਨੂੰ ਗੋਇਲ ਅਤੇ ਗੀਤਾਂਜਲੀ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਦੂਜੇ ਦੋਸ਼ੀ ਵੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।