June 24, 2024 1:18 am
Dipendra Singh Airee

ਨੇਪਾਲ ਦੇ ਬੱਲੇਬਾਜ਼ ਨੇ 9 ਗੇਂਦਾਂ ‘ਚ ਅਰਧ ਸੈਂਕੜਾ ਜੜ ਕੇ ਯੁਵਰਾਜ ਸਿੰਘ ਦਾ ਤੋੜਿਆ ਵਿਸ਼ਵ ਰਿਕਾਰਡ

ਚੰਡੀਗੜ੍ਹ, 27 ਸਤੰਬਰ 2023: ਨੇਪਾਲ ਦੇ ਬੱਲੇਬਾਜ਼ ਦੀਪੇਂਦਰ ਸਿੰਘ ਐਰੀ (Dipendra Singh Airee) ਨੇ ਟੀ-20 ਇੰਟਰਨੈਸ਼ਨਲ ‘ਚ ਹਲਚਲ ਮਚਾ ਦਿੱਤੀ ਹੈ। ਏਸ਼ਿਆਈ ਖੇਡਾਂ ਵਿੱਚ ਮੰਗੋਲੀਆ ਖ਼ਿਲਾਫ਼ ਮੈਚ ਦੌਰਾਨ ਨੇਪਾਲ ਦੇ ਦੀਪੇਂਦਰ ਸਿੰਘ ਐਰੀ ਨੇ ਸਿਰਫ਼ 9 ਗੇਂਦਾਂ ਵਿੱਚ ਅਰਧ ਸੈਂਕੜਾ ਬਣਾ ਕੇ ਯੁਵਰਾਜ ਸਿੰਘ ਦਾ ਰਿਕਾਰਡ ਤੋੜ ਦਿੱਤਾ ਹੈ । ਦੀਪੇਂਦਰ ਸਿੰਘ ਐਰੀ ਹੁਣ ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ (ਦੀਪੇਂਦਰ ਸਿੰਘ ਐਰੀ ਵਰਲਡ ਰਿਕਾਰਡ) ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

ਦੱਸ ਦਈਏ ਕਿ ਮੰਗੋਲੀਆ ਦੇ ਖ਼ਿਲਾਫ਼ ਮੈਚ ‘ਚ ਦੀਪੇਂਦਰ ਸਿੰਘ ਐਰੀ (Dipendra Singh Airee) ਨੇ 10 ਗੇਂਦਾਂ ‘ਤੇ 52 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ‘ਚ ਉਨ੍ਹਾਂ ਨੇ 8 ਛੱਕੇ ਲਗਾਏ ਸਨ। ਦੀਪੇਂਦਰ ਸਿੰਘ ਐਰੀ ਦੀ ਪਾਰੀ ਦੇ ਦਮ ‘ਤੇ ਨੇਪਾਲ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 314 ਦੌੜਾਂ ਬਣਾ ਕੇ ਦਹਿਸ਼ਤ ਪੈਦਾ ਕਰ ਦਿੱਤੀ। ਦੀਪੇਂਦਰ ਤੋਂ ਇਲਾਵਾ ਕੁਸ਼ਲ ਮੱਲਾ ਨੇ 50 ਗੇਂਦਾਂ ‘ਚ 137 ਦੌੜਾਂ ਬਣਾ ਕੇ ਨੇਪਾਲ ਲਈ ਧਮਾਕੇਦਾਰ ਪ੍ਰਦਰਸ਼ਨ ਕੀਤਾ। ਤੁਹਾਨੂੰ ਦੱਸ ਦਈਏ ਕਿ ਸਾਲ 2007 ‘ਚ ਯੁਵਰਾਜ ਸਿੰਘ ਨੇ ਇੰਗਲੈਂਡ ਖ਼ਿਲਾਫ਼ ਟੀ-20 ਮੈਚ ‘ਚ ਸਿਰਫ 12 ਗੇਂਦਾਂ ‘ਚ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ ਸੀ।

ਇਸ ਦੇ ਨਾਲ ਹੀ ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਡੇਵਿਡ ਮਿਲਰ ਦੇ ਨਾਂ ਸੀ। ਮਿਲਰ ਨੇ ਟੀ-20 ਇੰਟਰਨੈਸ਼ਨਲ ‘ਚ 35 ਗੇਂਦਾਂ ‘ਤੇ ਸੈਂਕੜਾ ਲਗਾਇਆ ਸੀ ਪਰ ਹੁਣ ਇਹ ਰਿਕਾਰਡ ਨੇਪਾਲ ਦੇ ਬੱਲੇਬਾਜ਼ ਕੁਸ਼ਾਲ ਮੱਲਾ ਦੇ ਨਾਂ ਦਰਜ ਹੋ ਗਿਆ ਹੈ। ਕੁਸ਼ਲ ਮੱਲਾ ਨੇ ਮੰਗੋਲੀਆ ਦੇ ਖਿਲਾਫ ਮੈਚ ‘ਚ 34 ਗੇਂਦਾਂ ‘ਚ ਸੈਂਕੜਾ ਜੜ ਕੇ ਧਮਾਕਾ ਮਚਾਇਆ।

ਆਪਣੀ ਇਸ ਪਾਰੀ ‘ਚ ਕੁਸ਼ਲ ਮੱਲਾ ਨੇ 50 ਗੇਂਦਾਂ ਦਾ ਸਾਹਮਣਾ ਕੀਤਾ ਜਿਸ ‘ਚ ਉਸ ਨੇ 137 ਦੌੜਾਂ ਦੀ ਨਾਬਾਦ ਪਾਰੀ ਖੇਡੀ।ਆਪਣੀ ਇਸ ਪਾਰੀ ‘ਚ ਨੇਪਾਲ ਦਾ ਇਹ ਬੱਲੇਬਾਜ਼ 12 ਛੱਕੇ ਅਤੇ 8 ਚੌਕੇ ਲਗਾਉਣ ‘ਚ ਸਫਲ ਰਿਹਾ। ਦੂਜੇ ਪਾਸੇ ਮੰਗੋਲੀਆ ਦੀ ਟੀਮ ਸਿਰਫ 41 ਦੌੜਾਂ ‘ਤੇ ਆਊਟ ਹੋ ਗਈ ਅਤੇ ਨੇਪਾਲ 273 ਦੌੜਾਂ ਨਾਲ ਮੈਚ ਜਿੱਤਣ ‘ਚ ਸਫਲ ਰਿਹਾ।