ਮੋਹਾਲੀ , 21 ਸਤੰਬਰ 2023: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਮੰਗ ਕੀਤੀ ਕਿ ਸਾਰੇ ਵੈਟਨਰੀ ਏ ਆਈ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਤੇ ਕਿਹਾ ਕਿ ਉਹ ਕਿਸਾਨਾਂ ਦੀ ਵੱਡੀ ਸੇਵਾ ਕਰ ਰਹੇ ਹਨ।
ਬਿਕਰਮ ਸਿੰਘ ਮਜੀਠੀਆ, ਜਿਹਨਾਂ ਨੇ ਮੁਜ਼ਾਹਰਾਕਾਰੀ ਵੈਟਨਰੀ ਏ ਆਈ ਯੂਨੀਅਨ ਵਰਕਰਾਂ ਨਾਲ ਇਥੇ ਮੁਲਾਕਾਤ ਤੇ ਗੱਲਬਾਤ ਕੀਤੀ, ਨੇ ਕਿਹਾ ਕਿ ਇਹ ਵਰਕਰ ਸੂਬੇ ਵਿਚ ਕਿਸਾਨਾਂ ਨੂੰ ਉਹਨਾਂ ਦੇ ਪਸ਼ੂ ਧਨ ਦੀ ਕਵਾਲਟੀ ਸੁਧਾਰਨ ਵਾਸਤੇ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਸੇਵਾਵਾਂ ਪ੍ਰਦਾਨ ਕਰ ਕੇ ਕਿਸਾਨਾਂ ਦੀ ਵੱਡੀ ਸੇਵਾ ਕਰ ਰਹੇ ਹਨ।
ਉਹਨਾਂ ਕਿਹਾ ਕਿ ਪਸ਼ੂ ਪਾਲਣ ਮੰਤਰੀ ਵੱਲੋਂ ਵਾਰ-ਵਾਰ ਵਰਕਰਾਂ ਨੂੰ ਭਰੋਸਾ ਦੁਆਇਆ ਗਿਆ ਕਿ ਉਹਨਾਂ ਨੂੰ ਨਿਆਂ ਦਿੱਤਾ ਜਾਵੇਗਾ ਤੇ ਤਿੰਨ ਮੈਂਬਰੀ ਕੈਬਨਿਟ ਸਬ ਕਮੇਟੀ ਨੇ ਵਿਭਾਗ ਵਿਚ 1183 ਪੋਸਟਾਂ ਭਰਨ ਦੀ ਸਿਫਾਰਸ਼ ਵੀ ਕੀਤੀ ਪਰ ਵਰਕਰਾਂ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਕਾਰਨ 649 ਵੈਟਨਰੀ ਏ ਆਈ ਵਰਕਰ ਜੋ ਪੰਜਾਬ ਦੇ 13000 ਪਿੰਡਾਂ ਵਿਚ ਸੇਵਾਵਾਂ ਦੇ ਰਹੇ ਹਨ, ਨੂੰ ਪਿਛਲੇ ਸਾਲ ਤੋਂ ਲਾਈਵਸਟਾਕ ਭਵਨ ਮੂਹਰੇ ਧਰਨਾ ਦੇਣਾ ਪੈ ਰਿਹਾ ਹੈ। ਇਹਨਾਂ ਵਰਕਰਾਂ ਵੱਲੋਂ ਮੌਸਮ ਖਰਾਬ ਹੋਣ ਦੇ ਬਾਵਜੂਦ ਆਪਣਾ ਸੰਘਰਸ਼ ਜਾਰੀ ਰੱਖਣ ਦੀ ਸ਼ਲਾਘਾ ਕਰਦਿਆਂ ਸਰਦਾਰ ਮਜੀਠੀਆ ਨੇ ਇਹਨਾਂ ਨੂੰ ਅਕਾਲੀ ਦਲ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦੁਆਇਆ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ ਇਥੇ ਧਰਨੇ ’ਤੇ ਬੈਠੇ ਵੈਟਨਰੀ ਏ ਆਈ ਵਰਕਰਾਂ ਨਾਲ ਧੋਖਾ ਕੀਤਾ ਬਲਕਿ ਉਹਨਾਂ ਨੇ ਉਸ ਪੀ ਟੀ ਆਈ ਅਧਿਆਪਕ ਸਿੱਪੀ ਸ਼ਰਮਾ ਨਾਲ ਵੀ ਧੋਖਾ ਕੀਤਾ ਜਿਸਨੂੰ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਭੈਣ ਕਹਿ ਕੇ ਉਹਨਾਂ ਦੀ ਪੋਸਟ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਅਧਿਆਪਕਾਂ ਤੇ ਲਾਈਨਮੈਨਾਂ ਨਾਲ ਧੋਖਾ ਕੀਤਾ।
ਮਜੀਠੀਆ (Bikram Singh Majithia) ਨੇ ਸਾਰੀਆਂ ਯੂਨੀਅਨਾਂ ਤੇ ਐਸੋਸੀਏਸ਼ਨਾਂ ਜਿਹਨਾਂ ਨੂੰ ਮੁੱਖ ਮੰਤਰੀ ਵੱਲੋਂ ਰੈਗੂਲਰ ਕਰਨ ਦਾ ਭਰੋਸਾ ਦੁਆਇਆ ਗਿਆ ਸੀ, ਨੂੰ ਸੂਬਾ ਪੱਧਰੀ ਐਕਸ਼ਨ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਤੇ ਕਿਹਾ ਕਿ ਸਰਕਾਰ ਯੂਨੀਅਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਤਾਕਤ ਦੀ ਵਰਤੋਂ ਨਾਲ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਵੇਂ ਕਿ ਹਾਲ ਹੀ ਵਿਚ ਪਟਿਆਲਾ ਵਿਚ ਲਾਈਨਮੈਨਾਂ ’ਤੇ ਲਾਠੀਚਾਰਜ ਕਰ ਕੇ ਕੀਤਾ ਗਿਆ।
ਅਕਾਲੀ ਦਲ ਦੇ ਆਗੂ (Bikram Singh Majithia) ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ,ਜਿਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਾਅਦੇ ਕੀਤੇ ਸਨ, ਬਾਹਰਲਿਆਂ ਨੂੰ ਰੋਜ਼ਗਾਰ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਸਭ ਕੁਝ ਇਸ ਵਾਸਤੇ ਕੀਤਾ ਜਾ ਰਿਹਾ ਹੈ ਤਾਂ ਜੋ ਰਾਜਸਥਾਨ ਤੇ ਹਰਿਆਣਾ ਜਿਥੇ ਚੋਣਾਂ ਹੋਣੀਆਂ ਹਨ, ਵਿਚ ਆਮ ਆਦਮੀ ਪਾਰਟੀ ਦਾ ਆਧਾਰ ਵਧਾਇਆ ਜਾ ਸਕੇ। ਉਹਨਾਂ ਕਿਹਾ ਕਿ ਭਰਤੀ ਵੇਲੇ ਲਿਖਤੀ ਪ੍ਰੀਖਿਆਵਾਂ ਵਿਚ ਜਿਹੜਾ ਪੰਜਾਬੀ ਮਾਂ ਬੋਲੀ ਤੇ ਪੰਜਾਬ ਤੇ ਇਤਿਹਾਸ ਤੇ ਸਭਿਆਚਾਰ ਦੀ ਜਾਣਕਾਰੀ ਹੋਣੀ ਜ਼ਰੂਰੀ ਸੀ, ਉਸਨੂੰ ਵੀ ਕਮਜ਼ੋਰ ਕੀਤਾ ਗਿਆ ਹੈ ਤਾਂ ਜੋ ਪੰਜਾਬੀ ਨੌਜਵਾਨਾਂ ਦੀ ਕੀਮਤ ’ਤੇ ਬਾਹਰਲੇ ਭਰਤੀ ਕੀਤੇ ਜਾ ਸਕਣ।
ਵੇਰਵੇ ਸਾਂਝੇ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ 2022 ਵਿਚ ਪਸ਼ੂ ਪਾਲਣ ਵਿਭਾਗ ਵਿਚ 68 ਵੈਟਨਰੀ ਇੰਸਪੈਕਟਰ ਭਰਤੀ ਕੀਤੇ ਗਏ ਸਨ ਜਿਹਨਾਂ ਵਿਚੋਂ 24 ਹਰਿਆਣਾ ਅਤੇ 12 ਰਾਜਸਥਾਨ ਦੇ ਹਨ। ਉਹਨਾਂ ਕਿਹਾ ਕਿ ਇਸੇ ਵਿਭਾਗ ਨੇ 2023 ਵਿਚ 310 ਵੈਟਨਰੀ ਇੰਸਪੈਕਟਰ ਭਰਤੀ ਕੀਤੇ ਜਿਹਨਾਂ ਵਿਚੋਂ 134 ਹਰਿਆਣਾ ਤੇ ਰਾਜਸਥਾਨ ਤੋਂ ਹਨ। ਉਹਨਾਂ ਇਹ ਵੀ ਦੱਸਿਆ ਕਿ ਹਾਲ ਹੀ ਵਿਚ ਮਾਨਸਾ ਵਿਚ ਭਰਤੀ ਕੀਤੇ ਗਏ 7 ਸਬ ਇੰਸਪੈਕਟਰਾਂ ਵਿਚੋਂ ਛੇ ਹਰਿਆਣਾ ਦੇ ਹਨ ਜਦੋਂ ਕਿ ਲਾਈਨਮੈਨਾਂ ਦੀਆਂ ਭਰੀਆਂ 1370 ਆਸਾਮੀਆਂ ਵਿਚੋਂ 534 ਹਰਿਆਣਾ ਤੇ 94 ਰਾਜਸਥਾਨ ਤੋਂ ਹਨ ।