Dr. Nivedita Singh

ਡਾ. ਨਿਵੇਦਿਤਾ ਸਿੰਘ ਦੀ ਮਨਮੋਹਕ ਸੰਗੀਤਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਤਾ ਮੰਤਰ-ਮੁਗਧ

ਚੰਡੀਗੜ੍ਹ, 18 ਸਤੰਬਰ 2023: ਪੰਜਾਬ ਸਰਕਾਰ ਵੱਲੋਂ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਹਾਲ ਹੀ ਵਿੱਚ ਕਰਵਾਏ ਗਏ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਡਾ. ਨਿਵੇਦਿਤਾ ਸਿੰਘ ਨੇ ਆਪਣੇ ਸਾਥੀਆਂ ਸਮੇਤ ਮਨਮੋਹਕ ਪੇਸ਼ਕਾਰੀ ਦਿੰਦਿਆਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਡਾ. ਨਿਵੇਦਿਤਾ ਸਿੰਘ (Dr. Nivedita Singh), ਡਾ. ਅਲੰਕਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਾਗ ਮਲਹਾਰ ਵਿਚ ਧਨੀ ਰਾਮ ਚਾਤ੍ਰਿਕ ਦੀ ਕਵਿਤਾ ‘ਨੀ ਕੋਇਲ ਕੂ ਕੂ ਗਾ’ ਦੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਧਨੀ ਰਾਮ ਚਾਤ੍ਰਿਕ ਦੀ ਇੱਕ ਹੋਰ ਕਵਿਤਾ ‘ਪੰਜਾਬ ਕਰਾਂ ਦੀ ਸਿਫ਼ਤ ਤੇਰੀ’ ਦੀ ਪੇਸ਼ਕਾਰੀ ਨਾਲ ਪੰਜਾਬ ਦੇ ਵੰਨ-ਸੁਵੰਨਤਾ ਵਾਲੇ ਲੋਕ ਰੰਗਾਂ ਨੂੰ ਪੇਸ਼ ਕੀਤਾ। ਬਾਬੂ ਫ਼ਿਰੋਜ਼ ਦੀਨ ਸ਼ਰਫ਼ ਦੁਆਰਾ ਰਚਿਤ ਗੀਤ ‘ਸੋਹਣੇ ਦੇਸਾਂ ਅੰਦਰ ਦੇਸ ਪੰਜਾਬ’ ਦੀ ਆਖਰੀ ਪੇਸ਼ਕਾਰੀ ਨੇ ਸਰੋਤਿਆਂ ‘ਤੇ ਅਮਿੱਟ ਛਾਪ ਛੱਡੀ।

ਡਾਕਟਰ ਨਿਵੇਦਿਤਾ ਸਿੰਘ ਦੀ ਪੇਸ਼ਕਾਰੀ ਨੇ ਮਹਿਮਾਨਾਂ ਦਾ ਮਨ ਮੋਹ ਲਿਆ ਅਤੇ ਸਾਰੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਇਸ ਦੌਰਾਨ ਪੰਜਾਬ ਦੇ ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਸ਼ਾਨਦਾਰ ਅਤੇ ਉੱਚ ਪੱਧਰ ਦੀ ਪੇਸ਼ਕਾਰੀ ਲਈ ਸਾਰੇ ਕਲਾਕਾਰਾਂ ਨੂੰ ਵਧਾਈ ਦਿੱਤੀ।

Scroll to Top