ਲੁਧਿਆਣਾ, 18 ਸਤੰਬਰ 2023: ਲੁਧਿਆਣਾ (Ludhiana) ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਪੱਖੋਵਾਲ ਰੋਡ ਸਥਿਤ ਮਹਾਰਾਜਾ ਰਣਜੀਤ ਸਿੰਘ ਨਗਰ ਲੁਧਿਆਣਾ ‘ਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਉਨ੍ਹਾਂ ਦੀ ਪਤਨੀ ਤੇ ਹੋਰਾਂ ਨੂੰ ਰਾਤ ਸਮੇਂ ਬੇਹੋਸ਼ ਕਰ ਕੇ ਉਨ੍ਹਾਂ ਦੇ ਘਰ ਚੋਰੀ ਕੀਤੀ ਗਈ। ਸਾਬਕਾ ਮੰਤਰੀ, ਉਨ੍ਹਾਂ ਦੀ ਪਤਨੀ ਅਤੇ ਦੋ ਨੌਕਰਾਣੀਆਂ ਅਜੇ ਵੀ ਬੇਹੋਸ਼ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਰ ਵਿੱਚ ਕੰਮ ਕਰਨ ਵਾਲੇ ਨੌਕਰ ‘ਤੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਸ਼ੱਕ ਹੈ। ਘਰ ‘ਚ ਮੌਜੂਦ ਮੈਂਬਰਾਂ ਨੂੰ ਰਾਤ ਸਮੇਂ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ ਗਈ ਸੀ ।
ਗੁਆਂਢੀ ਭਾਜਪਾ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਜਗਦੀਸ਼ ਗਰਚਾ ਦਾ ਸਰੀਰ ਠੰਢਾ ਪਿਆ ਹੈ ਅਤੇ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦੋਂ ਕਲੋਨੀ ਵਾਸੀਆਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਗਰਦੀਸ਼ ਗਰਚਾ, ਉਨ੍ਹਾਂ ਦੀ ਪਤਨੀ ਅਤੇ ਦੋ ਨੌਕਰਾਣੀਆਂ ਵੀ ਘਰ ਵਿੱਚ ਬੇਹੋਸ਼ ਪਾਈਆਂ ਗਈਆਂ। ਉਨ੍ਹਾਂ ਦੇ ਪੁੱਤਰ ਬੌਬੀ ਗਰਚਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਬੇਟਾ ਬੌਬੀ ਕਿਸੇ ਕੰਮ ਲਈ ਪੰਜਾਬ ਤੋਂ ਬਾਹਰ ਗਿਆ ਹੋਇਆ ਹੈ।
ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ (Ludhiana) ਮਨਦੀਪ ਸਿੰਘ ਸਿੱਧੂ, ਵਧੀਕ ਪੁਲਿਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ, ਏਡੀਸੀਪੀ ਸੁਹੇਲ ਮੀਰ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ। ਫਿਲਹਾਲ ਗਰਚਾ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿੰਗਰ ਐਕਸਪਰਟ ਟੀਮ ਮੌਕੇ ‘ਤੇ ਪਹੁੰਚ ਕੇ ਸੁਰਾਗ ਇਕੱਠੇ ਕਰੇਗੀ। ਪੁਲਿਸ ਅਧਿਕਾਰੀਆਂ ਮੁਤਾਬਕ ਚੋਰ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।