ਚੰਡੀਗੜ੍ਹ, 16 ਸਤੰਬਰ 2023: ਪਾਕਿਸਤਾਨ (Pakistan) ਦੀ ਨਿਗਰਾਨ ਸਰਕਾਰ ਨੇ ਇੱਕ ਵਾਰ ਫਿਰ ਪੈਟਰੋਲ (Petrol) ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਵਾਧੇ ਨਾਲ ਕੀਮਤਾਂ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ। ਨਕਦੀ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਗੁਆਂਢੀ ਦੇਸ਼ ਪਾਕਿਸਤਾਨ ‘ਚ ਜਿੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ 331.38 ਰੁਪਏ ਪ੍ਰਤੀ ਲੀਟਰ ਦੇ ਕਰੀਬ ਪਹੁੰਚ ਗਈ ਹੈ, ਉੱਥੇ ਮਹਿੰਗਾਈ ਦਰ ਪਹਿਲਾਂ ਹੀ ਦੋਹਰੇ ਅੰਕਾਂ ‘ਤੇ ਪਹੁੰਚ ਗਈ ਹੈ।
ਪੈਟਰੋਲ (Petrol) ਦੀ ਕੀਮਤ ਪਾਕਿਸਤਾਨੀ ਰੁਪਏ 26.02 ਵਧ ਕੇ 331.38 ਰੁਪਏ ਹੋ ਗਈ ਹੈ। ਜਦੋਂ ਕਿ ਡੀਜ਼ਲ 17.34 ਰੁਪਏ ਵਧ ਕੇ ਪਾਕਿਸਤਾਨੀ ਰੁਪਏ 329.18 ਹੋ ਗਿਆ ਹੈ। ਪਾਕਿਸਤਾਨ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 331 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ। ਪਾਕਿਸਤਾਨੀ ਮੀਡੀਆ ਡਾਨ ਮੁਤਾਬਕ ਪਿਛਲੇ ਇੱਕ ਮਹੀਨੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 58.43 ਰੁਪਏ ਅਤੇ 55.83 ਰੁਪਏ ਦਾ ਵਾਧਾ ਹੋਇਆ ਹੈ।
ਗੁਆਂਢੀ ਮੁਲਕ ਵਿੱਚ ਇੱਕ ਪੰਦਰਵਾੜੇ ਵਿੱਚ ਇਨ੍ਹਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਦੋ ਵਾਰ ਵਾਧਾ ਹੋਣ ਨਾਲ ਉਥੋਂ ਦੇ ਲੋਕਾਂ ’ਤੇ ਆਰਥਿਕ ਬੋਝ ਹੋਰ ਵਧੇਗਾ। ਪੈਟਰੋਲ ਅਤੇ HSD ਦੀ ਵਰਤੋਂ ਸਾਰੇ ਨਿੱਜੀ ਅਤੇ ਜਨਤਕ ਸੇਵਾ ਵਾਹਨਾਂ ਵਿੱਚ ਕੀਤੀ ਜਾਂਦੀ ਹੈ।