ਚੰਡੀਗੜ੍ਹ, 13 ਸਤੰਬਰ 2023: ਭਾਰਤੀ ਹਵਾਈ ਸੈਨਾ (IAF) ਨੂੰ ਅੱਜ (ਬੁੱਧਵਾਰ) ਦੇਸ਼ ਦਾ ਪਹਿਲਾ C-295 ਮਿਲਟਰੀ ਟਰਾਂਸਪੋਰਟ ਜਹਾਜ਼ ਮਿਲਿਆ ਹੈ। ਏਅਰ ਚੀਫ ਮਾਰਸ਼ਲ ਵੀ.ਆਰ ਚੌਧਰੀ ਨੇ ਬੁੱਧਵਾਰ (13 ਸਤੰਬਰ) ਨੂੰ ਸਪੇਨ ਵਿੱਚ ਇੱਕ ਸਮਾਗਮ ਵਿੱਚ ਇਸਨੂੰ ਸਵੀਕਾਰ ਕੀਤਾ ਹੈ । ਮਿਲਟਰੀ ਟਰਾਂਸਪੋਰਟ ਸ਼੍ਰੇਣੀ ਦੇ ਇਸ ਜਹਾਜ਼ ਦਾ ਨਿਰਮਾਣ ਏਅਰਬੱਸ ਨੇ ਕੀਤਾ ਹੈ।
ਜਹਾਜ਼ ਬਾਰੇ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਕਿਹਾ, “ਇਸ ਦੇ ਸ਼ਾਮਲ ਹੋਣ ਨਾਲ ਸਾਡੀਆਂ ਫੌਜਾਂ ਨੂੰ ਕਿਸੇ ਵੀ ਸਮੇਂ ਫਰੰਟ ਲਾਈਨ ‘ਤੇ ਲਿਜਾਣ ਦੀ ਸਮਰੱਥਾ ਨੂੰ ਜ਼ਬਰਦਸਤ ਹੁਲਾਰਾ ਮਿਲੇਗਾ।” ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਜਲਦੀ ਹੀ ਸੀ-295 (C-295) ਜਹਾਜ਼ਾਂ ਦੀ ਸਭ ਤੋਂ ਵੱਡੀ ਸੰਚਾਲਕ ਬਣ ਜਾਵੇਗੀ।
ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਦੱਸਿਆ, “ਇਹ ਨਾ ਸਿਰਫ਼ ਭਾਰਤੀ ਹਵਾਈ ਸੈਨਾ ਲਈ ਬਲਕਿ ਪੂਰੇ ਦੇਸ਼ ਲਈ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ। ਇਸਦੇ ਦੋ ਕਾਰਨ ਹਨ। ਪਹਿਲਾ- ਭਾਰਤੀ ਹਵਾਈ ਸੈਨਾ ਲਈ, ਇਹ ਸਾਡੀ ਰਣਨੀਤਕ ਏਅਰਲਿਫਟ ਸਮਰੱਥਾਵਾਂ ਵਿੱਚ ਸੁਧਾਰ ਕਰੇਗਾ।ਇਹ ਦੇਸ਼ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
ਦੂਜਾ, ਇਹ ਸਵੈ-ਨਿਰਭਰ ਭਾਰਤ ਲਈ ਵੀ ਮਹੱਤਵਪੂਰਨ ਹੈ।ਦਰਅਸਲ, ਸਪੇਨ ਤੋਂ ਪਹਿਲੇ 16 ਜਹਾਜ਼ ਖਰੀਦਣ ਤੋਂ ਬਾਅਦ, 17ਵਾਂ ਜਹਾਜ਼ ਭਾਰਤ ਵਿੱਚ ਹੀ ਬਣਾਇਆ ਜਾਵੇਗਾ। ਇਹ ਭਾਰਤੀ ਹਵਾਬਾਜ਼ੀ ਉਦਯੋਗ ਦਾ ਇੱਕ ਵੱਡਾ ਕਦਮ ਹੈ, ਜਿੱਥੇ ਅਸੀਂ ਦੇਸ਼ ਵਿੱਚ ਪਹਿਲਾ ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ ਬਣਾਵਾਂਗੇ।”
ਹਵਾਈ ਸੈਨਾ ਨੂੰ 56 ਸੀ-295 ਜਹਾਜ਼ ਮਿਲਣਗੇ
ਭਾਰਤ ਨੇ ਸਤੰਬਰ 2021 ਵਿੱਚ ਸਪੇਨ ਦੀ ਏਅਰਬੱਸ ਨਾਲ 56 ਸੀ-295 ਫੌਜੀ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ। ਰੱਖਿਆ ਮੰਤਰਾਲੇ ਨੇ ਏਅਰਬੱਸ ਡਿਫੈਂਸ ਨਾਲ ਸਮਝੌਤਾ ਕੀਤਾ ਸੀ। 56 ਜਹਾਜ਼ਾਂ ਵਿੱਚੋਂ 16 ਦਾ ਨਿਰਮਾਣ ਸਪੇਨ ਵਿੱਚ ਕੀਤਾ ਜਾਣਾ ਹੈ। ਇਸ ਤੋਂ ਬਾਅਦ, ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (TASL) ਦੁਆਰਾ ਦੋਵਾਂ ਕੰਪਨੀਆਂ ਵਿਚਕਾਰ ਉਦਯੋਗਿਕ ਸਾਂਝੇਦਾਰੀ ਦੇ ਤਹਿਤ ਬਾਕੀ 40 ਜਹਾਜ਼ਾਂ ਦਾ ਨਿਰਮਾਣ ਅਤੇ ਅਸੈਂਬਲ ਕੀਤਾ ਜਾਵੇਗਾ।
ਜਹਾਜ਼ C-295 ਦੀਆਂ ਵਿਸ਼ੇਸ਼ਤਾਵਾਂ
ਇਹ ਜਹਾਜ਼ ਸ਼ਾਰਟ ਟੇਕ-ਆਫ ਅਤੇ ਲੈਂਡਿੰਗ ਕਰ ਸਕਦੇ ਹਨ। ਕੰਪਨੀ ਮੁਤਾਬਕ ਇਹ ਜਹਾਜ਼ ਸਿਰਫ 320 ਮੀਟਰ ਦੀ ਦੂਰੀ ‘ਤੇ ਹੀ ਟੇਕ-ਆਫ ਕਰ ਸਕਦਾ ਹੈ। ਇਸ ਦੇ ਨਾਲ ਹੀ 670 ਮੀਟਰ ਦੀ ਲੰਬਾਈ ਲੈਂਡਿੰਗ ਲਈ ਕਾਫੀ ਹੈ। ਯਾਨੀ ਕਿ ਇਹ ਜਹਾਜ਼ ਲੱਦਾਖ, ਕਸ਼ਮੀਰ, ਅਸਾਮ ਅਤੇ ਸਿੱਕਮ ਵਰਗੇ ਪਹਾੜੀ ਖੇਤਰਾਂ ਵਿੱਚ ਸੰਚਾਲਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਇਹ ਜਹਾਜ਼ 7,050 ਕਿਲੋਗ੍ਰਾਮ ਦਾ ਪੇਲੋਡ ਲਿਜਾ ਸਕਦਾ ਹੈ। ਇਹ ਇੱਕ ਸਮੇਂ ਵਿੱਚ 71 ਸਿਪਾਹੀ, 44 ਪੈਰਾਟਰੂਪਰ, 24 ਸਟ੍ਰੈਚਰ ਜਾਂ 5 ਕਾਰਗੋ ਪੈਲੇਟਸ ਲੈ ਜਾ ਸਕਦਾ ਹੈ।
ਇਹ 11 ਘੰਟੇ ਤੱਕ ਲਗਾਤਾਰ ਉੱਡ ਸਕਦਾ ਹੈ। 2-ਵਿਅਕਤੀ ਦੇ ਕਰੂ ਕੈਬਿਨ ਵਿੱਚ ਟੱਚਸਕ੍ਰੀਨ ਨਿਯੰਤਰਣ ਦੇ ਨਾਲ ਇੱਕ ਸਮਾਰਟ ਕੰਟਰੋਲ ਸਿਸਟਮ ਵੀ ਹੈ।
C-295MW ਟਰਾਂਸਪੋਰਟ ਏਅਰਕ੍ਰਾਫਟ ਦੇ ਪਿਛਲੇ ਪਾਸੇ ਇੱਕ ਰੈਂਪ ਦਰਵਾਜ਼ਾ ਹੈ, ਜੋ ਕਿ ਫੌਜਾਂ ਜਾਂ ਮਾਲ ਨੂੰ ਤੇਜ਼ੀ ਨਾਲ ਲੋਡ ਕਰਨ ਅਤੇ ਉਤਾਰਿਆ ਜਾ ਸਕਦਾ ਹੈ |
ਇਹ ਜਹਾਜ਼ 2 ਪ੍ਰੈਟ ਐਂਡ ਵਿਟਨੀ PW127 ਟਰਬੋਟਰੂਪ ਇੰਜਣਾਂ ਦੁਆਰਾ ਸੰਚਾਲਿਤ ਹੈ। ਇਹ ਸਾਰੇ ਜਹਾਜ਼ ਸਵਦੇਸ਼ੀ ਤੌਰ ‘ਤੇ ਬਣੇ ਇਲੈਕਟ੍ਰਾਨਿਕ ਜੰਗੀ ਸੂਟ ਨਾਲ ਲੈਸ ਹੋਣਗੇ।