ਚੰਡੀਗੜ੍ਹ, 11 ਸਤੰਬਰ 2023: ਸਾਊਦੀ ਅਰਬ (Saudi Arabia) ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਭਾਰਤ ਦੌਰੇ ‘ਤੇ ਹਨ। ਸੋਮਵਾਰ ਨੂੰ ਉਹ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਪਹੁੰਚੇ। ਇੱਥੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ ਦਾ ਰਾਸ਼ਟਰਪਤੀ ਭਵਨ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਭਾਰਤ-ਸਾਊਦੀ ਨਿਵੇਸ਼ ਸਮਝੌਤੇ ਤਹਿਤ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਸਨ।
ਸਾਊਦੀ ਅਰਬ (Saudi Arabia) ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ ਸਾਊਦ ਨੇ ਕਿਹਾ, “ਮੈਂ ਭਾਰਤ ਆ ਕੇ ਬਹੁਤ ਖੁਸ਼ ਹਾਂ। ਮੈਂ ਭਾਰਤ ਨੂੰ ਜੀ-20 ਸੰਮੇਲਨ ਲਈ ਵਧਾਈ ਦੇਣਾ ਚਾਹੁੰਦਾ ਹਾਂ… ਬਹੁਤ ਸਾਰੀਆਂ ਘੋਸ਼ਣਾਵਾਂ ਕੀਤੀਆਂ ਗਈਆਂ ਹਨ ਜਿਸ ਨਾਲ ਜੀ-20 ਦੇਸ਼ਾਂ ਅਤੇ ਦੁਨੀਆ ਨੂੰ ਫਾਇਦਾ ਹੋਵੇਗਾ ਕਿਉਂਕਿ ਅਸੀਂ ਆਪਣੇ ਦੋਵੇਂ ਦੇਸ਼ਾਂ ਲਈ ਵਧੀਆ ਭਵਿੱਖ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਾਂ।