ਚੰਡੀਗੜ੍ਹ, 02 ਸਤੰਬਰ 2023: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ (Joe Biden) 7 ਸਤੰਬਰ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ। ਉਹ 9-10 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਕ ਦਿਨ ਪਹਿਲਾਂ 8 ਸਤੰਬਰ ਨੂੰ ਬਿਡੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਵ੍ਹਾਈਟ ਹਾਊਸ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ‘ਤੇ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਹੋਵੇਗੀ। ਇਸ ਦੌਰਾਨ ਆਰਥਿਕ ਅਤੇ ਸਮਾਜਿਕ ਪੱਧਰ ‘ਤੇ ਜੰਗ ਦੇ ਪ੍ਰਭਾਵ ਨੂੰ ਘੱਟ ਕਰਨ ‘ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਦੋਵੇਂ ਆਗੂ ਗਰੀਬੀ ਅਤੇ ਕਈ ਹੋਰ ਆਲਮੀ ਚੁਣੌਤੀਆਂ ਨਾਲ ਲੜਨ ਲਈ ਵਿਸ਼ਵ ਬੈਂਕ ਅਤੇ ਹੋਰ ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਵਧਾਉਣ ਬਾਰੇ ਵੀ ਗੱਲਬਾਤ ਕਰਨਗੇ।
ਅਮਰੀਕਾ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਵਜੋਂ ਜੀ-20 ਪ੍ਰਤੀ ਅਮਰੀਕਾ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕਰੇਗਾ। ਅਮਰੀਕਾ 2026 ਵਿੱਚ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਬਿਡੇਨ ਭਾਰਤ ਵਿੱਚ ਹੋ ਰਹੇ ਜੀ-20 ਸੰਮੇਲਨ ਵਿੱਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰਨ ਵਾਲੇ ਪਹਿਲੇ ਆਗੂਆਂ ਵਿੱਚੋਂ ਇੱਕ ਹਨ। ਬਿਡੇਨ (Joe Biden) ਦੀ ਸੁਰੱਖਿਆ ਲਈ ਅਮਰੀਕੀ ਸੀਕ੍ਰੇਟ ਸਰਵਿਸ ਦੀ ਟੀਮ 3 ਦਿਨ ਪਹਿਲਾਂ ਭਾਰਤ ਪਹੁੰਚ ਜਾਵੇਗੀ।