ਚੰਡੀਗੜ੍ਹ, 02 ਸਤੰਬਰ 2023: ਰਾਜਧਾਨੀ ਦਿੱਲੀ (Delhi) ‘ਚ ਜੀ-20 ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਦੌਰਾਨ ਧੌਲਾ ਕੂਆਂ ਇਲਾਕੇ ਵਿੱਚ ਸਜਾਵਟ ਲਈ ਸੜਕ ’ਤੇ ਫੁਹਾਰੇ ਲਗਾਏ ਗਏ ਹਨ, ਜੋ ਸ਼ਿਵਲਿੰਗ ਦੇ ਆਕਾਰ ਦੇ ਹਨ। ਇਸ ਨੂੰ ਲੈ ਕੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਿੰਦੂ ਸੰਗਠਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੰਤਰੀ ਸੌਰਭ ਭਾਰਦਵਾਜ ਨੇ ਇਸ ਮਾਮਲੇ ਨੂੰ ਲੈ ਕੇ ਐਲਜੀ (LG of Delhi) ‘ਤੇ ਹਮਲਾ ਬੋਲਿਆ ਹੈ।
ਸੌਰਭ ਭਾਰਦਵਾਜ ਨੇ ਕਿਹਾ, ”ਦਿੱਲੀ ਦੇ ਐਲਜੀ ਨੇ ਭਗਵਾਨ ਸ਼ਿਵ ਦਾ ਅਪਮਾਨ ਕੀਤਾ ਹੈ। ਉਸ ਨੇ ਜੋ ਕੀਤਾ ਉਹ ਪਾਪ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲਾਂ ਭਾਜਪਾ ਆਤਿਸ਼ੀ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਹੀ ਸੀ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਦਿੱਲੀ ਦੇ ਐਲਜੀ ਨੇ ਕੀਤਾ ਹੈ ਤਾਂ ਉਹ ਹੁਣ ਚੁੱਪ ਹਨ।
ਹਿੰਦੂ ਸੈਨਾ ਨੇ ਜੀ-20 ਸੰਮੇਲਨ ਲਈ ਲਗਾਏ ਗਏ ਸ਼ਿਵਲਿੰਗ ਦੇ ਆਕਾਰ ਦੇ ਫੁਹਾਰੇ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸੈਨਾ ਮੁਖੀ ਵਿਸ਼ਨੂੰ ਗੁਪਤਾ ਨੇ ਇਸ ਸਬੰਧ ਵਿੱਚ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਪੱਤਰ ਲਿਖਿਆ ਹੈ। ਵਿਸ਼ਨੂੰ ਗੁਪਤਾ ਨੇ ਆਪਣੇ ਪੱਤਰ ‘ਚ ਲਿਖਿਆ ਕਿ ਸੁੰਦਰੀਕਰਨ ਦੇ ਨਾਂ ‘ਤੇ ਸ਼ਿਵਲਿੰਗ ਦੇ ਰੂਪ ‘ਚ ਫੁਹਾਰੇ ਲਗਾਉਣਾ ਮੰਦਭਾਗਾ ਹੈ।
ਸੜਕ ਕਿਨਾਰੇ ਸ਼ਿਵਲਿੰਗ ਦਾ ਫੁਹਾਰਾ ਲਗਾਉਣਾ ਗਲਤ ਹੈ। ਫੁਹਾਰੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਹੈ, ਜੋ ਸ਼ਿਵ ਦਾ ਅਪਮਾਨ ਹੈ। ਇਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਇਸ ਲਈ ਇਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ।ਐਲਜੀ ਸਕਸੈਨਾ ਖਿਲਾਫ 1 ਸਤੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ, ‘ਸ਼ਿਵਲਿੰਗ ‘ਤੇ ਸੀਵਰੇਜ ਦਾ ਪਾਣੀ ਵਹਿ ਰਿਹਾ ਹੈ, ਜਿਸ ਨਾਲ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਦਿੱਲੀ (Delhi) ‘ਚ ਜੀ-20 ਸੰਮੇਲਨ ਤੋਂ ਪਹਿਲਾਂ ਸੜਕ ਦੇ ਕਿਨਾਰੇ ਸ਼ਿਵਲਿੰਗ ਵਰਗੇ ਫੁਹਾਰੇ ਲਗਾਏ ਗਏ ਹਨ। ਲੈਫਟੀਨੈਂਟ ਗਵਰਨਰ (ਉਪ ਰਾਜਪਾਲ) ਵੀ.ਕੇ ਸਕਸੈਨਾ ਨੇ ਇਸ ‘ਤੇ ਸਪੱਸ਼ਟੀਕਰਨ ਦਿੱਤਾ ਹੈ। LG ਨੇ ਸ਼ਨੀਵਾਰ, 2 ਸਤੰਬਰ ਨੂੰ ਕਿਹਾ, ‘ਇਹ ਫੁਹਾਰੇ ਸਿਰਫ਼ ਸਜਾਵਟੀ ਵਸਤੂਆਂ ਹਨ, ਸ਼ਿਵਲਿੰਗ ਨਹੀਂ ਹੈ। ਜੇਕਰ ਤੁਸੀਂ ਉਸ ਵਿੱਚ ਰੱਬ ਨੂੰ ਵੇਖਦੇ ਹੋ ਤਾਂ ਇਹ ਚੰਗਾ ਹੈ। ਰੱਬ ਦੇਸ਼ ਦੇ ਹਰ ਕਣ ਵਿੱਚ ਹੈ।