ਚੰਡੀਗੜ੍ਹ, 01 ਸਤੰਬਰ 2023: ਪੰਜਾਬ ‘ਚ ਪੰਚਾਇਤਾਂ (Panchayats) ਭੰਗ ਕਰਨ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਵਾਪਸ ਲੈਣ ਤੇ ਸਵਾਲ ਚੁੱਕੇ ਹਨ ਅਤੇ ਇਕ ਸਰਕਾਰੀ ਦਸਤਾਵੇਜ਼ ਸਾਂਝਾ ਕਰਕੇ ਕਿਹਾ ਹੈ ਕਿ, ਇਹ ਫੈਸਲਾ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਦਾ ਸੀ, ਪਰ ਹਾਈਕੋਰਟ ਵਿਚ ਫਟਕਾਰ ਖਾਣ ਤੋਂ ਬਾਅਦ ਗਾਜ਼ ਅਫ਼ਸਰਾਂ ‘ਤੇ ਸੁੱਟ ਦਿੱਤੀ ਹੈ। ਜਦਕਿ ਪੰਜਾਬ ਸਰਕਾਰ ਨੇ ਅਫ਼ਸਰਾਂ ਦੇ ਗਲ਼ ‘ਚ ਅੰਗੂਠਾ ਦੇ ਕੇ ਫੈਸਲਾ ਕਰਵਾਇਆ। ਉਹਨਾਂ ਕਿਹਾ ਕਿ ਪੰਚਾਇਤ ਲੋਕਤੰਤਰ ਦੀ ਪਹਿਲੀ ਇਕਾਈ ਹਨ ਪਰ ਮਾਨ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ ਹੈ |
ਇਸਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤਾਂ (Panchayats) ਨੂੰ ਭੰਗ ਕਰਨ ਦੇ ਫੈਸਲੇ ‘ਤੇ ਦਸਤਖਤ ਕਰਨ ਵਾਲੇ ਨੇ ਆਪ ਅਤੇ ਆਪਣੇ ਮੰਤਰੀ ਨੂੰ ਬਚਾਉਣ ਲਈ ਦੋ ਨੌਕਰਸ਼ਾਹਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਊਨਾ ਕਿਹਾ ਕਿ ਮੁੱਖ ਮੰਤਰੀ ਕੋਲ ਕੋਈ ਨੈਤਿਕਤਾ ਸੀ, ਤਾਂ ਉਨ੍ਹਾਂ ਨੂੰ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ |
ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਚਾਇਤਾਂ ਭੰਗ ਕਰਨ ਦੇ ਮਾਮਲੇ ’ਚ ਦੋ ਆਈ ਏ. ਐਸ. ਅਫ਼ਸਰਾਂ ’ਤੇ ਗਾਜ ਸੁੱਟਣੀ ਬੇਹੱਦ ਨਿੰਦਣਯੋਗ ਹੈ ਤੇ ਇਸ ਫ਼ੈਸਲੇ ਨੂੰ ਅਸਲ ’ਚ ਲਾਗੂ ਕਰਨ ਵਾਲੇ ਕੈਬਨਿਟ ਮੰਤਰੀ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।