July 4, 2024 11:08 pm
High Court

ਜੇਕਰ ਬੱਚੇ ਸਕੂਲਾਂ ‘ਚ ਸੁਰੱਖਿਅਤ ਨਹੀਂ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ : ਪੰਜਾਬ ਹਰਿਆਣਾ ਹਾਈਕੋਰਟ

ਚੰਡੀਗੜ੍ਹ ,7 ਅਗਸਤ 2021 : ਮੋਹਾਲੀ ਦੇ ਸੈਕਟਰ-70 ਸਥਿਤ ਮੈਰੀਟੋਰੀਅਸ ਸਕੂਲ ‘ਚ ਬੀਤੇ ਸਾਲ ਵਿਦਿਆਰਥੀ ਹਰਮਨਜੀਤ ਸਿੰਘ ਦੀ ਭੇਦਭਰੀ ਹਾਲਤ ‘ਚ ਮੌਤ ਦੇ ਮਾਮਲੇ ਸਾਹਮਣੇ ਆਇਆ ਸੀ | ਜਿਸ ਦੀ ਜਾਂਚ ਦੇ ਲਈ  ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 10 ਨਵੰਬਰ 2021 ਤੱਕ ਜਵਾਬ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ |

ਇਸ ਮਾਮਲੇ ਦੀ ਐਡਵੋਕੇਟ ਲਵਨੀਤ ਠਾਕੁਰ ਨੇ ਦੱਸਿਆ ਕਿ ਸਰਕਾਰੀ ਵਕੀਲ ਨੇ ਸਰਕਾਰ ਦਾ ਪੱਖ ਰੱਖਦੇ ਹੋਏ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਜੇਕਰ ਬੱਚੇ ਸਕੂਲਾਂ ‘ਚ ਸੁਰੱਖਿਅਤ ਨਹੀਂ ਹਨ ਤਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਮਾਮਲੇ ਦੇ ਵਿੱਚ ਡੀਜੀਪੀ ਪੰਜਾਬ, ਐੱਸਐੱਸਪੀ ਮੋਹਾਲੀ, ਮੈਰੀਟੋਰੀਅਸ ਸਕੂਲ ਦੇ ਅਧਿਕਾਰੀ, ਪ੍ਰਿੰਸੀਪਲ ਰਿਤੂ ਸ਼ਰਮਾ, ਸੁਸ਼ੀਲ ਕੁਮਾਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ |

ਦੱਸਣਯੋਗ ਹੈ ਕਿ ਮੋਹਾਲੀ ਸੈਕਟਰ 70 ਦੇ ਮੈਰੀਟੋਰੀਅਸ ਸਕੂਲ ‘ਚ 9 ਮਾਰਚ ਨੂੰ ਇੱਕ ਵਿਦਿਆਰਥੀ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ ਸੀ, ਜਿਸ ਨੂੰ ਪਹਿਲਾਂ ਤਾਂ ਖੁਦਕੁਸ਼ੀ ਦਾ ਮਾਮਲਾ ਦੱਸਿਆ ਗਿਆ ਸੀ , ਪਰ ਸ਼ਹਿਰ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਇਹ ਹੱਤਿਆ ਦਾ ਮਾਮਲਾ ਹੈ ਜਿਸ ‘ਚ ਦੋ ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਦੀ ਜ਼ਮਾਨਤ ਹੋ ਚੁੱਕੀ ਹੈ।

‘ਪੰਜਾਬ ਅਗੇਂਸਟ ਕੁਰੱਪਸ਼ਨ’ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਇਸ ਘਟਨਾ ਦਾ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਇਲਮ ਹੈ। ਉਨ੍ਹਾਂ ਮਹਿਸੂਸ ਕੀਤਾ ਕਿ ਇਸ ਵਿਦਿਆਰਥੀ ਦੇ ਸਰੀਰ ‘ਤੇ ਲੱਗੀਆਂ ਸੱਟਾਂ, ਮੌਤ ਵਾਲੇ ਸਥਾਨ ਅਤੇ ਬਾਥਰੂਮ ‘ਚ ਲੱਗਿਆ ਖੂਨ ਮਿਲਣਾ ਆਤਮ ਹੱਤਿਆ ਨਹੀਂ ਹੋ ਸਕਦਾ।ਇਸ ਲਈ ਉਹਨਾਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ ਜੋ ਕਿ ਚੰਗੀ ਤਰਾਂ ਨਹੀਂ ਹੋਈ ਜਿਸ ਤੋਂ ਬਾਅਦ ਉਹਨਾਂ ਸੀਨੀਅਰ ਐਡਵੋਕੇਟ ਆਰਐੱਸ ਬੈਂਸ ਰਾਹੀਂ ਹਾਈਕੋਰਟ ਤੱਕ ਪੁਹੰਚ ਕੀਤੀ |