National Sports Day

ਰਾਸ਼ਟਰੀ ਖੇਡ ਦਿਵਸ ਮੌਕੇ ਮੁੱਖ ਚੋਣ ਅਫਸਰ ਪੰਜਾਬ ਵੱਲੋਂ “ਸਪੋਰਟਜ਼ ਫਾਰ ਲੋਕਤੰਤਰ ਦੀ ਸਪੋਰਟ” ਖੇਡ ਮੇਲੇ ਦਾ ਆਯੋਜਨ

ਐਸ.ਏ.ਐਸ ਨਗਰ, 29 ਅਗਸਤ, 2023: ਮੁੱਖ ਚੋਣ ਅਫਸਰ ਪੰਜਾਬ ਵੱਲੋਂ ਜਿਲ੍ਹਾ ਚੋਣ ਅਫਸਰ ਮੋਹਾਲੀ ਦੇ ਸਹਿਯੋਗ ਨਾਲ ਸਰਕਾਰੀ ਬਹੁਤਕਨੀਕੀ ਕਾਲਜ ਮੋਹਾਲੀ (ਖੂਨੀਮਾਜਰਾ) ਵਿਖੇ ‘ਸਪੋਰਟਜ਼ ਫਾਰ ਲੋਕਤੰਤਰ ਦੀ ਸਪੋਰਟ’ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੌਰਾਨ ਬੈਡਮਿੰਟਨ, ਟੇਬਲ ਟੇਨਿਸ, ਸ਼ਤਰੰਜ, ਕੁਇਜ਼ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ 200 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਖੇਡ ਮੇਲੇ ਵਿੱਚ ਵਿਪੁਲ ਉਜਵਲ ਆਈ.ਏ.ਐਸ. ਵਧੀਕ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਏ.ਡੀ.ਸੀ ਜਨਰਲ ਐਸ.ਏ.ਐਸ ਨਗਰ ਵਿਰਾਜ ਐਸ ਤਿੜਕੇ ਆਈ.ਏ.ਐਸ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਬੋਲਦਿਆਂ ਵਿਪੁਲ ਉਜਵਲ ਨੇ ਨੌਜਵਾਨਾਂ ਨੂੰ ਲੋਕਤੰਤਰ ਦੇ ਮਹਾਂ ਉਤਸਵ ਵਿੱਚ ਵੋਟਰ ਵੱਜੋ ਰਜਿਸਟਰਡ ਹੋਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਬੋਲਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਜਿੱਥੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਜੌਹਰ ਦਿਖਾਏ ਅਤੇ ਉਥੇ ਹੀ ਵੋਟਰ ਰਜਿਸਟਰੇਸ਼ਨ ਕੈਂਪ ਦੌਰਾਨ 200 ਤੋਂ ਵੱਧ ਯੋਗ ਵੋਟਰਾਂ ਨੇ ਰਜਿਸਟਰੇਸ਼ਨ ਕਰਵਾਈ। ਇਹ ਕੈਂਪ ਐਸ.ਡੀ.ਐਮ ਖਰੜ ਰਵਿੰਦਰ ਸਿੰਘ ਦੀ ਦੇਖ ਰੇਖ ਵਿੱਚ ਆਯੋਜਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਵੱਲੋਂ ਵਧੀਕ ਮੁੱਖ ਚੋਣ ਅਫਸਰ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਲੋਕਤੰਤਰ ਦੇ ਮਹਾਕੁੰਭ ਨੂੰ ਕਾਲਜ ਵੱਲੋਂ ਪੂਰਣ ਸਹਿਯੋਗ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਦੇ ਸਮੂਹ ਤਕਨੀਕੀ ਸਿੱਖਿਆ ਅਦਾਰਿਆਂ ਦੇ ਯੋਗ ਵੋਟਰਾਂ ਦਾ 100 ਫ਼ੀਸਦੀ ਪੰਜੀਕਰਨ (ਰਜਿਸਟ੍ਰੇਸ਼ਨ) ਕਰਵਾਉਣ ਦਾ ਉਪਰਾਲਾ ਕੀਤਾ ਜਾਵੇਗਾ।

ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਮੇਲੇ ਦਾ ਆਯੋਜਨ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਲੋਕਤੰਤਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਲਦ ਹੀ ਸਮੂਹ ਵਿੱਦਿਅਕ ਅਦਾਰਿਆ ਵਿੱਚ ਵੋਟਰ ਜਾਗਰੂਕਤਾ ਕਲੱਬਾਂ ਰਾਹੀਂ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਸਟੇਟ ਸਵੀਪ ਕੰਸਲਟੈਂਟ ਮਨਪ੍ਰੀਤ ਸਿੰਘ ਅਨੇਜਾ, ਆਈ.ਕੇ.ਜੀ.ਪੀ.ਟੀ.ਯੂ ਮੋਹਾਲੀ ਕੈਂਪਸ-2 ਦੇ ਡਾਇਰੈਕਟਰ ਨੀਲਕੰਠ ਗਰੋਵਰ, ਤਹਿਸੀਲਦਾਰ ਸੰਜੇ ਕੁਮਾਰ, ਤਹਿਸੀਲਦਾਰ ਖਰੜ ਜਸਵਿੰਦਰ ਸਿੰਘ ਅਤੇ ਸੁਰਿੰਦਰ ਕੁਮਾਰ ਚੋਣ ਕਾਨੂੰਗੋ ਨੇ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਇਸ ਦੌਰਾਨ ਮੁੱਖ ਮਹਿਮਾਨ ਵਿਪੁਲ ਉਜਵਲ ਵੱਲੋਂ ਵੱਖ-ਵੱਖ ਖੇਡਾਂ ਦੇ ਜੇਤੂਆਂ ਨੂੰ ਮੈਡਲ, ਟੀ-ਸ਼ਰਟ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Scroll to Top