ਚੰਡੀਗੜ, 26 ਅਗਸਤ 2023: ਐਲਨ ਮਸਕ ਦੀ ਪੁਲਾੜ ਏਜੰਸੀ ਸਪੇਸ-ਐਕਸ (Space-X) ਨੇ ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਿਆ ਹੈ। ਇਹ ਰਾਕੇਟ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 3:27 ਵਜੇ ਲਾਂਚ ਕੀਤਾ ਗਿਆ। ਨਿਊਜ਼ ਏਜੰਸੀ ‘ਏਪੀ’ ਦੀ ਰਿਪੋਰਟ ਮੁਤਾਬਕ ਉਹ ਐਤਵਾਰ ਨੂੰ ਪੁਲਾੜ ਸਟੇਸ਼ਨ ‘ਤੇ ਪਹੁੰਚਣਗੇ।
ਉਨ੍ਹਾਂ ਨੂੰ ਪੁਲਾੜ ਸਟੇਸ਼ਨ ‘ਤੇ ਪਹੁੰਚਣ ‘ਚ ਕਰੀਬ 29 ਘੰਟੇ ਲੱਗਣਗੇ। ਇਸ ਤੋਂ ਬਾਅਦ ਉਥੇ ਮੌਜੂਦ 4 ਪੁਲਾੜ ਯਾਤਰੀਆਂ ਨੂੰ ਧਰਤੀ ‘ਤੇ ਵਾਪਸ ਲਿਆਂਦਾ ਜਾਵੇਗਾ। ਇਹ ਪਹਿਲੀ ਵਾਰ ਸੀ ਜਦੋਂ ਵੱਖ-ਵੱਖ ਦੇਸ਼ਾਂ ਦੇ ਪੁਲਾੜ ਯਾਤਰੀ ਅਮਰੀਕਾ ਦੁਆਰਾ ਲਾਂਚ ਕੀਤੇ ਗਏ ਪੁਲਾੜ ਯਾਨ ਦੀਆਂ ਸਾਰੀਆਂ ਚਾਰ ਸੀਟਾਂ ‘ਤੇ ਬੈਠੇ ਸਨ। ਦਰਅਸਲ, ਨਾਸਾ ਦੇ ਪੁਲਾੜ ਯਾਤਰੀ ਤੋਂ ਇਲਾਵਾ ਡੇਨਮਾਰਕ, ਜਾਪਾਨ ਅਤੇ ਰੂਸ ਦੇ ਪੁਲਾੜ ਯਾਤਰੀ 6 ਮਹੀਨੇ ਦੇ ਮਿਸ਼ਨ ਲਈ ਸਪੇਸ ਸਟੇਸ਼ਨ ਗਏ ਹਨ।
ਰਾਕੇਟ ਦੇ ਕੈਪਸੂਲ ‘ਤੇ ਸਵਾਰ ਚਾਰ ਲੋਕ ਮਿਸ਼ਨ ਕਮਾਂਡਰ ਅਤੇ ਨਾਸਾ ਦੇ ਪੁਲਾੜ ਯਾਤਰੀ ਜੈਸਮੀਨ ਮੋਗਬੇਲੀ, ਯੂਰਪੀਅਨ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਅਤੇ ਮਿਸ਼ਨ ਪਾਇਲਟ ਐਂਡਰੀਅਸ ਮੋਗੇਨਸਨ, ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਦੇ ਪੁਲਾੜ ਯਾਤਰੀ ਸਾਤੋਸ਼ੀ ਫੁਰਾਕਾਵਾ ਅਤੇ ਰੂਸੀ ਪੁਲਾੜ ਯਾਤਰੀ ਕੋਨਸਟੈਂਟਿਨ ਬੋਰੀਸੋਵ ਹਨ।
ਮੋਗਬੇਲੀ ਅਤੇ ਬੋਰੀਸੋਵ ਲਈ ਇਹ ਪਹਿਲੀ ਪੁਲਾੜ ਉਡਾਣ ਹੈ। ਮੋਗੇਨਸੇਨ ਅਤੇ ਫੁਰਾਕਾਵਾ ਲਈ ਇਹ ਦੂਜਾ ਮੌਕਾ ਹੈ। ਇਸ ਲਾਂਚ ‘ਤੇ, ਯੂਰਪੀਅਨ ਸਪੇਸ ਏਜੰਸੀ ਦੇ ਨਿਰਦੇਸ਼ਕ ਜੋਸੇਫ ਐਸਬਾਕਰ ਨੇ ਕਿਹਾ – ਸਾਨੂੰ ਪੁਲਾੜ ਦੀ ਖੋਜ ਕਰਨ ਲਈ ਇਕੱਠੇ ਆਉਣ ਦੀ ਜ਼ਰੂਰਤ ਹੈ।