ਚੰਡੀਗੜ੍ਹ, 22 ਅਗਸਤ 2023: ਮੌਸਮ ਵਿਭਾਗ ਵੱਲੋਂ ਅੱਜ ਚੰਡੀਗੜ੍ਹ ਵਿੱਚ ਭਾਰੀ ਮੀਂਹ (Heavy Rain) ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਜ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਹੇਗਾ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਫਿਲਹਾਲ ਸ਼ਹਿਰ ਦਾ ਤਾਪਮਾਨ 29.5 ਡਿਗਰੀ ਸੈਲਸੀਅਸ ਹੈ। ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 0.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ ਵਿੱਚ ਜੁਲਾਈ ਮਹੀਨੇ ਵਿੱਚ ਕਰੀਬ 800 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਇੱਕ ਰਿਕਾਰਡ ਹੈ। ਅਗਸਤ ‘ਚ ਹੁਣ ਤੱਕ ਕਰੀਬ 80 ਮਿਲੀਮੀਟਰ ਬਾਰਿਸ਼ (Heavy Rain) ਹੋ ਚੁੱਕੀ ਹੈ। ਇਸਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਘੱਟ ਮੀਂਹ ਪੈਣ ਕਾਰਨ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਹੁਣ ਆਮ ਵਾਂਗ ਹੈ। ਜੇਕਰ ਅੱਜ ਭਾਰੀ ਮੀਂਹ ਪਿਆ ਤਾਂ ਸੁਖਨਾ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ। ਅਜਿਹੇ ‘ਚ ਪ੍ਰਸ਼ਾਸਨ ਨੂੰ ਸੁਖਨਾ ਦੇ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ। ਇਸ ਕਾਰਨ ਚੰਡੀਗੜ੍ਹ ਅਤੇ ਜ਼ੀਰਕਪੁਰ ਦੇ ਕੁਝ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ।