ਚੰਡੀਗੜ੍ਹ, 19 ਅਗਸਤ 2023: ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਸੈਂਕੜੇ ਲੋਕਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਸਰਕਾਰੀ ਜਾਇਦਾਦ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ ‘ਤੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਕੀਤੀ ਅਤੇ ਸਥਿਤੀ ਅਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਚਲਾਈ ਜਾ ਰਹੀ ਮੁਹਿੰਮ ਦੀ ਸਮੀਖਿਆ ਕੀਤੀ।
ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰੀ ਰਿਹਾਇਸ਼ 7 ਲੋਕ ਕਲਿਆਣ ਮਾਰਗ ‘ਤੇ ਕਰੀਬ ਇਕ ਘੰਟੇ ਤੱਕ ਚੱਲੀ ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ। ਦੂਜੇ ਪਾਸੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਭਾਰੀ ਮੀਂਹ, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਕੱਲ੍ਹ ਆਪਣੇ ਗ੍ਰਹਿ ਰਾਜ ਹਿਮਾਚਲ ਪ੍ਰਦੇਸ਼ (Himachal Pradesh) ਜਾ ਰਹੇ ਹਨ।
ਨੱਡਾ ਇਸ ਦੌਰੇ ਦੌਰਾਨ ਕੁਦਰਤੀ ਤ੍ਰਾਸਦੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਮਿਲਣਗੇ। ਉਹ ਸ਼ਿਮਲਾ ਦੇ ਸਮਰ ਹਿੱਲ ਵਿਖੇ ਭਾਰੀ ਮੀਂਹ ਕਾਰਨ ਤਬਾਹ ਹੋਏ ਪ੍ਰਾਚੀਨ ਸ਼ਿਵ ਮੰਦਰ ਦੀ ਜਗ੍ਹਾ ਦਾ ਦੌਰਾ ਕਰਨਗੇ। ਉਹ ਸ਼ਿਮਲਾ ਅਤੇ ਬਿਲਾਸਪੁਰ ਵਿੱਚ ਸਥਾਨਕ ਪ੍ਰਸ਼ਾਸਨ ਨਾਲ ਵੀ ਮੀਟਿੰਗ ਕਰਨਗੇ ਅਤੇ ਰਾਹਤ, ਬਚਾਅ ਅਤੇ ਮੁੜ ਵਸੇਬੇ ਦੇ ਕੰਮਾਂ ਬਾਰੇ ਚਰਚਾ ਕਰਨਗੇ।
ਨੱਡਾ ਐਤਵਾਰ ਨੂੰ ਸਵੇਰੇ 9 ਵਜੇ ਪਾਉਂਟਾ ਸਾਹਿਬ (ਸਿਰਮੌਰ) ਪਹੁੰਚਣਗੇ। ਇਸ ਤੋਂ ਬਾਅਦ ਉਹ ਸਵੇਰੇ 9:35 ਵਜੇ ਸੜਕੀ ਰਸਤੇ ਪਿੰਡ ਸਿਰਮੌਰੀ ਤਾਲ ਅਤੇ ਕੱਚੀ ਢਾਂਗ ਪਹੁੰਚਣਗੇ, ਜਿੱਥੇ ਉਹ ਸਿਰਮੌਰੀ ਤਾਲ ਇਲਾਕੇ ਵਿੱਚ ਬੱਦਲ ਫਟਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਇਸ ਵਿੱਚ ਮਾਰੇ ਗਏ 5 ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਣਗੇ।
ਇਸ ਤੋਂ ਬਾਅਦ ਭਾਜਪਾ ਪ੍ਰਧਾਨ ਸਵੇਰੇ 11:20 ਵਜੇ ਸ਼ਿਮਲਾ ਦੇ ਸ਼ਿਵਬਾਵੜੀ, ਸਮਰ ਹਿੱਲ ਪਹੁੰਚਣਗੇ, ਜਿੱਥੇ ਉਹ ਭਾਰੀ ਮੀਂਹ ਕਾਰਨ ਤਬਾਹ ਹੋਏ ਪ੍ਰਾਚੀਨ ਸ਼ਿਵ ਮੰਦਰ ਸਥਾਨ ਦਾ ਜਾਇਜ਼ਾ ਲੈਣਗੇ। ਇਸ ਹਾਦਸੇ ‘ਚ ਹੁਣ ਤੱਕ 16 ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਇੱਥੇ ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ।