ਤੀਆਂ

ਪਿੰਡ ਝਿਉਰਹੇੜੀ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ

ਮੋਹਾਲੀ, 16 ਅਗਸਤ 2023: ਪਿੰਡ ਝਿਉਰਹੇੜੀ (JHURHERI) ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਚਾਵਾਂ ਦੇ ਨਾਲ ਮਨਾਇਆ ਗਿਆ। ਇਸ ਦੌਰਾਨ ਰੰਗ -ਬਰੰਗੇ ਪੰਜਾਬੀ ਪਹਿਰਾਵਿਆਂ ਦੇ ਵਿੱਚ ਸਜੀਆਂ ਪਿੰਡ ਦੀਆਂ ਮੁਟਿਆਰਾਂ ਨੇ ਪੂਰੇ ਪਿੰਡ ਨੂੰ ਵਿਰਾਸਤ ਦੇ ਵਿਚ ਰੰਗ ਦਿੱਤਾ। ਪਿੰਡ ਦੀਆਂ ਮੁਟਿਆਰਾਂ ਨੇ ਮਹਿੰਦੀ ਲਗਾਈ, ਪੀਂਘਾਂ ਪਾਈਆਂ ਅਤੇ ਸਹੇਲੀਆਂ ਨਾਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ।

ਇਸ ਦੌਰਾਨ ਆਲੇ-ਦੁਆਲੇ ਦੇ ਪਿੰਡਾਂ ਦੀਆਂ ਮੁਟਿਆਰਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਤੌਰ ਤੇ ਭਾਗ ਲਿਆ । ਤੀਆਂ ਦੇ ਤਿਉਹਾਰ ਵਿੱਚ ਉਚੇਚੇ ਤੌਰ ‘ਤੇ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ ਸਮਾਜ ਸੇਵੀ ਸ਼੍ਰੀਮਤੀ ਰਜਿੰਦਰ ਕੌਰ ਅਤੇ ਸੰਦੀਪ ਕੌਰ ਨੇ ਇਸ ਰੌਣਕ ਨੂੰ ਹੋਰ ਵੀ ਦੁੱਗਣਾ ਕਰ ਦਿੱਤਾ। ਇਸ ਮੌਕੇ ਹਾਜ਼ਰ ਮੁਟਿਆਰਾਂ ਨੂੰ ਸੰਬੋਧਨ ਕਰਦੇ ਹੋਏ ਰਜਿੰਦਰ ਕੌਰ ਨੇ ਕਿਹਾ ਕਿ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਹਰ ਇੱਕ ਇਨਸਾਨ ਦੀ ਨੈਤਿਕ ਜਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਵਾਲਾ ਦੌਰ ਨਹੀਂ ਰਿਹਾ ਜਦੋਂ ਪਿੰਡਾਂ ਦੇ ਖੁੱਲ੍ਹੇ ਪੰਡਾਲ ਵਿੱਚ ਔਰਤਾਂ ਤੀਆਂ ਦਾ ਤਿਉਹਾਰ ਮਨਾਉਂਦੀਆਂ ਸਨ। ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਪੰਜਾਬ ਦੇ ਲੋਕ ਤੀਆਂ ਦਾ ਤਿਉਹਾਰ ਮਨਾਉਂਦੇ ਹਨ ,ਬੇਸ਼ੱਕ ਉਸ ਦਾ ਸਰੂਪ ਬਦਲ ਗਿਆ ਹੈ। ਤੀਆਂ ’ਤੇ ਮਹਿੰਦੀ ਲਗਾਉਣ, ਹਰੀਆਂ ਚੂੜੀਆਂ ਪਹਿਨਣ, ਝੂਲਾ ਝੂਲਣ ਅਤੇ ਲੋਕ ਗੀਤ ਗਾਉਣ ਦਾ ਵਿਸ਼ੇਸ਼ ਮਹੱਤਵ ਹੈ |

ਤੀਆਂ ਦੇ ਤਿਉਹਾਰ ਵਾਲੇ ਦਿਨ ਖੁੱਲ੍ਹੇ ਸਥਾਨਾਂ ’ਤੇ ਵੱਡੇ-ਵੱਡੇ ਦਰੱਖਤਾਂ ਦੀਆਂ ਟਹਿਣੀਆਂ ’ਤੇ, ਘਰ ਦੀ ਛੱਤ ਜਾਂ ਬਰਾਮਦਿਆਂ ਦੇ ਕੜਿਆਂ ’ਚ ਝੂਲੇ ਲਗਾਏ ਜਾਂਦੇ ਹਨ, ਜਿਸ ਨੂੰ ਪੰਜਾਬੀ ’ਚ ‘ਪੀਂਘਾਂ’ ਕਹਿੰਦੇ ਹਨ ਇਨ੍ਹਾਂ ’ਤੇ (ਮੁਟਿਆਰਾਂ) ਕੁੜੀਆਂ ਝੂਲਾ ਝੂਲਦੀਆਂ ਹਨ ,ਹਰਿਆਲੀ ਤੀਆਂ ਦੇ ਦਿਨ ਕਈ ਸਥਾਨਾਂ ’ਤੇ ਮੇਲੇ ਵੀ ਲਗਦੇ ਹਨ। ਇਸ ਵਿਸ਼ੇਸ਼ ਮੌਕੇ ਰਜਿੰਦਰ ਕੌਰ, ਸੰਦੀਪ ਕੌਰ ,ਐਮ. ਸੀ ਰਮਨਪ੍ਰੀਤ ਕੌਰ ਕੁੰਬੜਾ, ਨਰਿੰਦਰ ਕੌਰ, ਗੁਰਿੰਦਰ ਕੌਰ, ਸੁਖਵਿੰਦਰ ਕੌਰ, ਤਰਨਜੀਤ ਕੌਰ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ।

Scroll to Top