ਸ੍ਰੀ ਅਨੰਦਪੁਰ ਸਾਹਿਬ, 15 ਅਗਸਤ 2023: ਭਾਖੜਾ ਡੈਮ (Bhakra Dam) ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ | ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2 ਫੁੱਟ ਦੀ ਹੇਠਾਂ ਹੈ | ਸਤਲੁਜ ਦਰਿਆ ਦੇ ‘ਚੋਂ ਆ ਰਿਹਾ ਪਾਣੀ ਦਰਿਆ ਦੇ ਬਾਹਰ ਹੋਣਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਜਦੋਂ ਦਰਿਆ ਦਾ ਪਾਣੀ ਸੜਕ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਤਾਂ ਪਿੰਡਾਂ ਦੇ ਲੋਕਾਂ ਨੂੰ ਡਰ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਸੜਕਾਂ ‘ਤੇ ਪਾਣੀ ਆਉਣ ਤੋਂ ਬਾਅਦ ਹੁਣ ਪਾਣੀ ਫਿਰਨੀ ਦੇ ਵਿਚ ਘੁੰਮਣਾ ਸ਼ੁਰੂ ਹੋ ਗਿਆ ਸੀ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਹੁਣ ਪਿੰਡਾਂ ਦੀਆਂ ਫਿਰਨੀਆਂ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਬਣਨਾ ਸ਼ੁਰੂ ਹੋ ਚੁੱਕਾ ਹੈ |
ਬਿਨਾਂ ਪ੍ਰਸ਼ਾਸਨ ਦੀ ਮੱਦਦ ਤੋਂ ਪਿੰਡ ਵਾਸੀਆਂ ਨੇ ਟਰੱਕਾਂ ਦੀਆਂ ਟਿਊਬਾਂ ਦੇ ਨਾਲ ਪਿੰਡਾਂ ‘ਚੋਂ ਅਤੇ ਘਰਾਂ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ | ਦੂਜੇ ਪਾਸੇ ਨੰਗਲ ਦੇ ਨਜਦੀਕੀ ਪਿੰਡ ਭਲਾਣ ,ਭਨਾਮ ,ਜਿੰਦਵੜੀ,ਧਿਆਨ ਬੇਲਾ, ਭਲੜੀ, ਐਲਗਰਾ ਸਾਹਪੁਰ ਬੇਲਾ, ਨਾਨਗਰਾ,ਗੋਲਹਨੀ ਤੋਂ ਇਲਾਵਾ ਹੋਰ ਦਰਜਨਾ ਪਿੰਡ ਜੋ ਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ ਉਨ੍ਹਾਂ ‘ਤੇ ਖ਼ਤਰਾ ਮੰਡਰਾਂ ਰਿਹਾ ਹੈ |
ਇਸ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ ਆਪਣੇ ਪਰਿਵਾਰ ਦੇ ਨਾਲ ਜ਼ਰੂਰੀ ਘਰੇਲੂ ਸਮਾਨ ਅਤੇ ਦੁਧਾਰੂ ਪਸੂਆ ਨੂੰ ਲੈ ਕੇ ਪਿੰਡਾਂ ਤੋ ਬਾਹਰ ਜਾਣ ਲਈ ਮਜ਼ਬੂਰ ਹੋ ਗਏ ਹਨ, ਪਿੰਡ ਵਾਸੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ |