ਅੰਤਰਰਾਸ਼ਟਰੀ ਦਿਵਿਆਂਗਤਾਂ ਦਿਵਸ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗਰੈਜੁਏਟ ਯੁਵਕਾਂ ਲਈ ਸਟੈਨੋਗ੍ਰਾਫੀ ਦੀ ਸਿਖਲਾਈ ਲਈ ਅਰਜੀਆਂ ਦੀ ਮੰਗ: ਡਾ.ਬਲਜੀਤ ਕੌਰ

ਚੰਡੀਗੜ੍ਹ, 10 ਅਗਸਤ 2023: ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗਰੈਜੂਏਟ (ਬੀ.ਏ. ਪਾਸ) ਉਮੀਦਵਾਰਾਂ ਨੂੰ ਪੰਜਾਬੀ ਸਟੈਨੋਗ੍ਰਾਫੀ ਦੀ ਸਿਖਲਾਈ (STENOGRAPHY TRAINING) ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਚਲਾਏ ਜਾ ਰਹੇ ਸਿਖਲਾਈ ਕੇਂਦਰਾਂ ਵਿੱਚ ਇੱਕ ਸਾਲ ਦੀ ਮੁਫਤ ਟਰੇਨਿੰਗ ਦੇਣ ਲਈ 20 ਅਗਸਤ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਬਿਨੇਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ। ਅਨੁਸੂਚਿਤ ਜਾਤੀ ਦੇ ਕੇਵਲ ਬੇਰੁਜ਼ਗਾਰ ਉਮੀਦਵਾਰ ਜਿਸ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗਰੈਜੂਏਸ਼ਨ ਅਤੇ ਦਸਵੀ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਨਿਸ਼ਚਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਉਮੀਦਵਾਰ ਆਪਣੀ ਦਰਖਾਸਤ ਨਿਰਧਾਰਿਤ ਪ੍ਰੋਫਾਰਮੇ ਵਿੱਚ ਆਪਣੇ ਜਿਲ੍ਹੇ ਦੇ ਸਬੰਧਤ ਜਿਲ੍ਹਾ ਭਾਸ਼ਾ ਅਫ਼ਸਰ ਨੂੰ ਅਤੇ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ. ਨਗਰ ਨੂੰ ਆਪਣੇ ਸਰਟੀਫਿਕੇਟਾਂ ਦੀਆਂ ਤਸਦੀਕ-ਸ਼ੁਦਾ ਨਕਲਾਂ ਤੇ ਮੌਜੂਦਾ ਪਾਸਪੋਰਟ ਸਾਇਜ਼ ਦੀ ਫੋਟੋ ਸਹਿਤ ਪ੍ਰੋਫਾਰਮੇ ਵਿੱਚ ਮਿਤੀ 20 ਅਗਸਤ 2023 ਤੱਕ ਭੇਜ ਸਕਦੇ ਹਨ। ਉਨਾਂ ਅੱਗੇ ਦੱਸਿਆ ਕਿ ਉਮੀਦਵਾਰ ਇੰਟਰਵਿਊ ਲਈ ਮਿਤੀ 28-08-2023 ਨੂੰ ਸਵੇਰੇ 09:00 ਵਜੇ ਤੱਕ ਸਬੰਧਤ ਜਿਲ੍ਹੇ ਦੇ ਜਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਵਿੱਚ ਆਪਣੇ ਅਸਲ ਸਰਟੀਫਿਕੇਟਸ ਸਹਿਤ ਇੰਟਰਵਿਊ ਲਈ ਹਾਜਰ ਹੋਵੇ।

ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਸਟੈਨੋਗ੍ਰਾਫੀ ਦੀ ਟ੍ਰੇਨਿੰਗ (STENOGRAPHY TRAINING) ਭਾਸ਼ਾ ਵਿਭਾਗ, ਪੰਜਾਬ ਵੱਲੋਂ ਜਿਲ੍ਹਾ ਪੱਧਰ ਤੇ ਚਲਾਏ ਜਾ ਰਹੇ ਸਿਖਲਾਈ ਕੇਂਦਰ ਪਟਿਆਲਾ, ਸੰਗਰੂਰ, ਜਲੰਧਰ, ਰੂਪਨਗਰ ਅਤੇ ਚੰਡੀਗੜ੍ਹ (ਕੈਂਪਸ ਐਟ ਫੇਜ਼-6, ਐਸ.ਏ.ਐਸ. ਨਗਰ) ਵਿਖੇ ਭਾਸ਼ਾ ਵਿਭਾਗ ਦੇ ਸਥਾਪਿਤ ਸੈਂਟਰਾਂ ਵਿੱਚ ਦਿੱਤੀ ਜਾਣੀ ਹੈ। ਇਹਨਾ ਸਿਖਲਾਈ ਕੇਂਦਰਾਂ ਵਿੱਚ ਕੁੱਲ 80 ਸੀਟਾਂ ਹਨ, ਜਿਨ੍ਹਾਂ ਵਿੱਚੋਂ ਚੰਡੀਗੜ੍ਹ (ਕੈਂਪਸ ਐਟ ਐਸ.ਏ.ਐਸ. ਨਗਰ) ਵਿਖੇ ਚੱਲ ਰਹੇ ਸੈਂਟਰ ਲਈ 20 ਅਤੇ ਬਾਕੀ ਸੈਂਟਰਾਂ ਵਿੱਚ 15-15 ਸੀਟਾਂ ਹਨ।

ਮੰਤਰੀ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 250/- ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ। ਪੰਜਾਬੀ ਸਟੈਨੋਗ੍ਰਾਫੀ( ਭਾਸ਼ਾ ਵਿਭਾਗ ) ਦੀ ਸਿਖਲਾਈ ਪ੍ਰਾਪਤ ਕਰਨ ਸਬੰਧੀ ਦਾਖਲੇ ਲਈ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਡ www.welfare.punjab.gov.in ਤੇ ਉਪਲੱਬਧ ਹੈ।

Scroll to Top