ਚੰਡੀਗੜ੍ਹ 7 ਅਗਸਤ 2023: ਅੱਜ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ (Tanmanjit Singh Dhesi) ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੂੰ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਮਿਲਣ ਲਈ ਪਹੁੰਚੇ। ਬੀਂਤੇ ਵੀਰਵਾਰ ਤਨਮਨਜੀਤ ਸਿੰਘ ਢੇਸੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ ਗਿਆ ਸੀ ।
ਜਿਸ ਦੇ ਬਾਅਦ ਸ. ਸੁਖਦੇਵ ਸਿੰਘ ਢੀਂਡਸਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਰੀ ਗੱਲਬਾਤ ਕੀਤੀ ਅਤੇ ਸ. ਢੇਸੀ (Tanmanjit Singh Dhesi) ਨੂੰ ਏਅਰਪੋਰਟ ਤੋਂ ਕਲੀਅਰਿੰਸ ਦੇ ਦਿੱਤੀ ਗਈ। ਅੱਜ ਸ. ਤਨਮਨਜੀਤ ਸਿੰਘ ਢੇਸੀ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ਤੇ ਸ. ਸੁਖਦੇਵ ਸਿੰਘ ਢੀਂਡਸਾ ਦਾ ਧੰਨਵਾਦ ਕਰਨ ਲਈ ਉਹਨਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਪਹੁੰਚੇ ਅਤੇ ਦੋਵੇਂ ਆਗੂਆਂ ਦੀਆਂ ਪੰਥਕ ਮਸਲਿਆਂ ਤੋਂ ਇਲਾਵਾ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਭਾਰਤ ਆਉਣ ਵੇਲੇ ਆ ਰਹੀਆਂ ਮੁਸ਼ਕਿਲਾਂ ‘ਤੇ ਵੀ ਵਿਚਾਰਾਂ ਵਟਾਂਦਰਾਂ ਕੀਤਾ ਗਿਆ।
ਇਸ ਦੌਰਾਨ ਸ: ਤਨਮਨਜੀਤ ਸਿੰਘ ਢੇਸੀ ਨੇ ਸ. ਢੀਂਡਸਾ ਨੂੰ ਇੰਗਲੈਂਡ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ। ਇਸ ਮੌਕੇ ਸ. ਪਰਮਿੰਦਰ ਸਿੰਘ ਢੀਂਡਸਾ, ਸ. ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸਜੀਪੀਸੀ ਅਤੇ ਸ. ਤਨਮਨਜੀਤ ਸਿੰਘ ਢੇਸੀ ਦੇ ਪਿਤਾ ਸ. ਜਸਪਾਲ ਸਿੰਘ ਢੇਸੀ ਵੀ ਮੌਜੂਦ ਸਨ।