Anganwadi workers

ਡੀ.ਸੀ ਆਸ਼ਿਕਾ ਜੈਨ ਨੇ ਪ੍ਰਸ਼ਾਸਨਿਕ ਅਤੇ ਸਿਹਤ ਅਧਿਕਾਰੀਆਂ ਨਾਲ ਡੇਂਗੂ ਅਤੇ ਹੈਜ਼ੇ ਦੇ ਮਾਮਲਿਆਂ ਦੀ ਕੀਤੀ ਸਮੀਖਿਆ

ਐਸ.ਏ.ਐਸ.ਨਗਰ, 5 ਅਗਸਤ, 2023: ਜ਼ਿਲ੍ਹੇ ਵਿੱਚ ਡੇਂਗੂ ਅਤੇ ਹੈਜ਼ੇ ਦੇ ਕੇਸਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ/ਮੇਨਟੇਨੈਂਸ ਸੋਸਾਇਟੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ (dengue) ਦੇ ਲਾਰਵੇ ਨੂੰ ਦੂਰ ਰੱਖਣ ਲਈ ਆਪਣੀਆਂ ਛੱਤਾਂ ਨੂੰ ਸਾਫ਼ ਰੱਖਣ ਅਤੇ ਖਾਲੀ ਪਲਾਟਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਕਰਨ।

ਮੀਟਿੰਗ ਵਿੱਚ ਏ ਡੀ ਸੀਜ਼, ਐਸ ਡੀ ਐਮਜ਼, ਸਿਵਲ ਸਰਜਨ, ਐਸ ਐਮ ਓਜ਼ ਅਤੇ ਈ ਓਜ਼ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਡੇਂਗੂ (dengue) ਮੱਛਰ ਦੇ ਲਾਰਵੇ ਦੀ ਬਰਾਮਦਗੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਪਿੰਡਾਂ ਦੀਆਂ ਸਿਹਤ ਤੇ ਸੈਨੀਟੇਸ਼ਨ ਕਮੇਟੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਣ ਲਈ ਸਾਵਧਾਨੀ ਉਪਾਅ ਵਰਤਣੇ ਪੈਣਗੇ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਅਗਸਤ ਮਹੀਨੇ ਵਿੱਚ ਡੇਂਗੂ ਦੇ 10 ਕੇਸ ਦਰਜ ਕੀਤੇ ਗਏ ਹਨ ਜਦੋਂਕਿ ਕੰਟੇਨਰ ਸਰਵੇ ਵਿੱਚ ਲਾਰਵੇ ਦੇ 308 ਕੇਸ ਸਾਹਮਣੇ ਆਏ ਹਨ। ਇਸ ਮਹੀਨੇ ਸਫ਼ਾਈ ਅਤੇ ਖੜ੍ਹੇ ਪਾਣੀ ਦੀ ਨਿਕਾਸੀ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਸਨੀਕਾਂ ਦੇ 143 ਚਲਾਨ ਕੀਤੇ ਗਏ ਹਨ। ਪਿਛਲੇ ਮਹੀਨੇ ਕੰਟੇਨਰ ਸਰਵੇ ਦੌਰਾਨ ਲਾਰਵੇ ਦੇ 1085 ਕੇਸ ਪਾਏ ਗਏ ਸਨ ਜਿਨ੍ਹਾਂ ਵਿੱਚ 290 ਦੇ ਚਲਾਨ ਕੀਤੇ ਗਏ ਸਨ।

ਉਨ੍ਹਾਂ ਕਿਹਾ ਕਿ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਲਾਰਵੇ ਦੀ ਵੱਧ ਰਹੀ ਆਮਦ ਦੇ ਮੱਦੇਨਜ਼ਰ ਫੌਗਿੰਗ ਅਤੇ ਸਪਰੇਅ ਗਤੀਵਿਧੀਆਂ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਨੇ ਐਸ.ਡੀ.ਐਮਜ਼ ਨੂੰ ਲਾਰਵਾ ਮਿਲਣ ਦੇ ਹੌਟ ਸਪਾਟ ਬੈਲਟਾਂ ਵਿੱਚ “ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ” ਮੁਹਿੰਮ ਦੀ ਅਗਵਾਈ ਕਰਨ ਦੇ ਨਿਰਦੇਸ਼ ਦਿੱਤੇ।

ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿੱਚ ਵਧੇਰੇ ਲਾਰਵਾ ਵਾਲੇ ਹੌਟ ਸਪਾਟ ਖਰੜ ਅਤੇ ਡੇਰਾਬੱਸੀ ਹਨ, ਜਿੱਥੇ ਸੰਨੀ ਐਨਕਲੇਵ, ਝੁੰਗੀਆਂ ਰੋਡ ਅਤੇ ਬਾਲਾ ਜੀ ਸੁਸਾਇਟੀ ਵਿੱਚ ਵੱਧ ਲਾਰਵੇ ਪਾਏ ਗਏ ਹਨ, ਜਦੋਂ ਕਿ ਡੇਰਾਬੱਸੀ ਚ ਤ੍ਰਿਵੇਦੀ ਕੈਂਪ, ਜ਼ੀਰਕਪੁਰ ਦੇ ਸੁਸ਼ਮਾ ਜੋਏਨੇਸਟ, ਭਬਾਤ, ਅਮਨਦੀਪ ਕਲੋਨੀ ਆਦਿ ਵਿੱਚ ਲਾਰਵਾ ਕੇਸਾਂ ਦੀ ਵਧੇਰੇ ਗਿਣਤੀ ਹੈ।

ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਗੈਰ-ਸਹਿਯੋਗੀ ਡਿਵੈਲਪਰਾਂ, ਜਿੱਥੇ ਖਾਲੀ ਪਏ ਪਲਾਟ ਪਾਣੀ ਖੜ੍ਹਨ ਕਰਨ ਲਾਰਵੇ ਅਤੇ ਡੇਂਗੂ ਦੀ ਫੈਕਟਰੀ ਬਣ ਗਏ ਹਨ,ਵਿਰੁੱਧ ਸੀ.ਆਰ.ਪੀ.ਸੀ ਦੀ ਧਾਰਾ 133 ਤਹਿਤ ਸਖ਼ਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਡੇਗੂ ਮੱਛਰ ਦੀ ਪੈਦਾਵਾਰ ਨੂੰ ਰੋਕਣ ਲਈ ਸਿੱਖਿਆ ਅਤੇ ਜਾਗਰੂਕਤਾ ਨੂੰ ਹੋਰ ਤੇਜ਼ ਕੀਤਾ ਜਾਵੇ।

ਏ ਡੀ ਸੀ (ਯੂ ਡੀ) ਅਤੇ ਏ ਡੀ ਸੀ (ਆਰ ਡੀ) ਨੂੰ ਈ ਓਜ਼ ਅਤੇ ਬੀ ਡੀ ਪੀ ਓਜ਼ ਰਾਹੀਂ ਕੀਤੀ ਜਾ ਰਹੀ ਫੋਗਿੰਗ, ਛਿੜਕਾਅ ਅਤੇ ਜਾਗਰੂਕਤਾ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖਣ ਲਈ ਕਹਿੰਦਿਆਂ, ਉਨ੍ਹਾਂ ਨੇ ਐਸ.ਐਮ.ਓਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਐਸ ਡੀ ਐਮਜ਼ ਨਾਲ ਸੰਪਰਕ ਵਿੱਚ ਰਹਿਣ ਤਾਂ ਜੋ ਆਈ ਈ ਸੀ (ਜਾਗਰੂਕਤਾ) ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਜਾਨਲੇਵਾ ਬਿਮਾਰੀ ਡੇਂਗੂ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 38 ਹੈਜ਼ਾ ਪਾਜ਼ੀਟਿਵ ਕੇਸ ਆਏ ਸਨ, ਜਿਨ੍ਹਾਂ ਵਿੱਚੋਂ ਇਸ ਮੌਕੇ ਚਾਰ ਮਰੀਜ਼ ਇਲਾਜ ਅਧੀਨ ਹਨ। ਪਰ ਸਾਵਧਾਨੀ ਵਜੋਂ ਈ ਓਜ਼, ਬੀ ਡੀ ਪੀਓਜ਼ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰ ਵਿੱਚ ਤੁਰੰਤ ਉਪਚਾਰਕ ਕਾਰਵਾਈਆਂ ਜਿਵੇਂ ਕਿ ਜਲ ਸਪਲਾਈ ਦੀ ਜਾਂਚ, ਰੁਕੇ ਪਾਣੀ ਦੀ ਨਿਕਾਸੀ ਆਦਿ ਨੂੰ ਜਾਰੀ ਰੱਖਣ ਲਈ ਚੌਕਸੀ ‘ਤੇ ਰੱਖਿਆ ਗਿਆ ਹੈ।

Scroll to Top