Chat GPT

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚੈਟ ਜੀਪੀਟੀ ਦੀ ਪੰਜਾਬੀ ‘ਚ ਗੁਣਵੱਤਾ ਬਾਰੇ ਅਹਿਮ ਅਧਿਐਨ

ਚੰਡੀਗੜ੍ਹ, 05 ਅਗਸਤ 2023: ਚੈਟ ਜੀਪੀਟੀ (Chat GPT) ਨਾਂ ਦਾ ਸਾਫਟਵੇਅਰ ਪਿਛਲੀ ਛਿਮਾਹੀ ਤੋਂ ਕਾਫ਼ੀ ਚਰਚਾ ‘ਚ ਹੈ। ਚੈਟ-ਜੀਪੀਟੀ ਇਕ ਮਸ਼ੀਨੀ ਸਿਆਣਪ (AI) ‘ਤੇ ਅਧਾਰਿਤ ਸਾਫ਼ਟਵੇਅਰ ਹੈ ਜੋ ਪੁੱਛੇ ਗਏ ਸਵਾਲ ਦਾ ਜਵਾਬ ਨਾਲੋ-ਨਾਲ ਦੇਣ ਦੇ ਸਮਰੱਥ ਹੈ। ਇਹ ਓਪਨ ਏਆਈ (Open AI) ਕੰਪਨੀ ਵੱਲੋਂ ਬਣਾਇਆ ਗਿਆ ਹੈ।ਇਸ ਸਾਫ਼ਟਵੇਅਰ ਨੂੰ ਵੱਡੀ ਤਾਦਾਦ ਵਿਚ ਡਾਟੇ ਜਾਂ ਪਾਠ ਸਮੱਗਰੀ ਰਾਹੀਂ ਸਿੱਖਿਅਤ ਕੀਤਾ ਗਿਆ ਹੈ ਜਿਸ ਦੇ ਆਧਾਰ ‘ਤੇ ਉਹ ਖੋਜ ਕਰਦਾ ਹੈ ਤੇ ਆਪਣੇ ਕੋਲੋਂ ਜਵਾਬ ਟਾਈਪ ਕਰਕੇ ਦਿੰਦਾ ਹੈ।

ਚੈਟ ਜੀਪੀਟੀ ਜਿੱਥੇ ਅੰਗਰੇਜ਼ੀ ‘ਚ ਇਸ ਦੀ ਚੰਗੀ ਕਾਰਗੁਜ਼ਾਰੀ ਦੀ ਚਰਚਾ ਹੈ, ਉੱਥੇ ਖੇਤਰੀ ਭਾਸ਼ਾਵਾਂ ‘ਚ ਇਸਦੇ ਮਾੜੇ ਨਤੀਜਿਆਂ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਜਿੱਥੇ ਚੈਟ ਜੀਪੀਟੀ ਨੂੰ ਕਈ ਵਿਗਿਆਨ ਤੇ ਤਕਨਾਲੋਜੀ ਦਾ ਇਕ ਅਨਮੋਲ ਤੋਹਫ਼ਾ ਮੰਨ ਰਹੇ ਹਨ ਤੇ ਦੂਜੇ ਪੱਖ ਤੋਂ ਕਈ ਇਸ ‘ਤੇ ਮਨੁੱਖ ਨੂੰ ਨਕਾਰਾ ਬਣਾਉਣ ਦਾ ਦੋਸ਼ ਲਾ ਰਹੇ ਹਨ।

ਇਨ੍ਹਾਂ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ – ਪੰਜਾਬੀ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਅਧਿਆਪਕ ਡਾ. ਸੀਪੀ ਕੰਬੋਜ ਨੇ ਇਸ ਬਾਰੇ ਇਕ ਅਧਿਐਨ ਕੀਤਾ ਹੈ। ਡਾ. ਕੰਬੋਜ ਵੱਲੋਂ ਕੀਤੇ ਵਿਸਥਾਰਤ ਅਧਿਐਨ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਾਫਟਵੇਅਰ ਨੇ ਪੰਜਾਬੀ ਵਿਚ ਪੁੱਛੇ ਛੋਟੇ ਉੱਤਰਾਂ ਵਾਲੇ ਸਵਾਲਾਂ ‘ਚ 80 ਫ਼ੀਸਦੀ ਪਰ ਵੱਡੇ ਉੱਤਰਾਂ ਵਾਲੇ ਸਵਾਲਾਂ ਵਿਚ ਮੁਸ਼ਕਿਲ ਤੋਂ 8 ਫ਼ੀਸਦੀ ਅੰਕ ਲਏ ਹਨ।

ਪੰਜਾਬੀ ਕੰਪਿਊਟਰਕਾਰੀ ਦੇ ਲੇਖਕ ਤੇ ਕਾਲਮਨਵੀਸ ਡੀ ਸੀ ਪੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬਿੰਗ ਸਰਚ ਇੰਜਣ ‘ਤੇ ਚੈਟ ਪੀਟੀ 35 ਉੱਤੇ ਵੱਖ-ਵੱਖ ਖੇਤਰਾਂ (ਇਤਿਹਾਸ, ਸਿਹਤ, ਖੇਡਾਂ, ਕੰਪਿਊਟਰ ਗਣਿਤ, ਚਲੰਤ ਮਾਮਲੇ, ਪੁਲਾੜ, ਭਾਸ਼ਾ ਵਿਗਿਆਨ, ਵਾਤਾਵਰਨ ਵਿਗਿਆਨ ਆਦਿ) ਦੇ ਪ੍ਰਸ਼ਨ-ਪੱਤਰ ਪਾ ਕੇ ਇਮਤਿਹਾਨ ਲਏ ਗਏ |ਇਨ੍ਹਾਂ ਇਮਤਿਹਾਨਾਂ ਵਿਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ 300 ਫ਼ੀਸਦੀ ਨਮੂਨੇ ਦੇ ਸਵਾਲ ਸ਼ਾਮਲ ਸਨ | ਜਿਨ੍ਹਾਂ ‘ਚੋਂ – ਚੈਟ ਜੀਪੀਟੀ ਨੇ ਕ੍ਰਮਵਾਰ 67 ਫ਼ੀਸਦ, 80 ਫ਼ੀਸਦ ਅਤੇ 98 ਫੀਸਦ ਅੰਕ ਹਾਸਲ ਕੀਤੇ।

ਇਸੇ ਤਰ੍ਹਾਂ ਅਧੀਨ ਸੇਵਾਵਾਂ ਦੇ ਪਟਵਾਰੀ ਦੇ ਪੇਪਰ ਵਿਚ 80 ਫ਼ੀਸਦ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰਕਾਰੀ ਵਿਸ਼ੇ ‘ਚੋਂ 83 ਫ਼ੀਸਦ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀ ਜਮਾਤ ਦੇ ਗਣਿਤ ਦੇ ਅਭਿਆਸ ਵਿਚੋਂ 93 ਫ਼ੀਸਦ ਅੰਕ ਅਤੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪੰਜਾਬੀ ਭਾਸ਼ਾ ਦਾ ਕੰਪਿਊਟਰ ਗਿਆਨ’ ਨਾਮਕ ਵਿਸ਼ੇ ‘ਚੋਂ ਸਭ ਤੋਂ ਘੱਟ 8 ਫ਼ੀਸਦੀ ਅੰਕ ਹਾਸਲ ਕੀਤੇ।

ਡਾ. ਕੰਬੋਜ ਦੇ ਅਨੁਸਾਰ ਚੈਟ-ਜੀਪੀਟੀ (Chat GPT) ਦੇ ਪੰਜਾਬੀ ਭਾਸ਼ਾਈ ਅਨੁਵਾਦ ਮਾਡਲ ਦਾ ਪੂਰੀ ਤਰ੍ਹਾਂ ਵਿਕਸਿਤ ਨਾ ਹੋਣਾ ਤੇ ਇੰਟਰਨੈੱਟ ‘ਤੇ ਪੰਜਾਬੀ ਦੀ ਪਾਠ ਸਮੱਗਰੀ ਦੀ ਤੋਟ ਕਾਰਨ ਇਸ ਦੀ ਪੰਜਾਬੀ ਦੇ ਵੱਡੇ ਸਵਾਲਾ ਵਿਚ ਇਹ ਮਾੜੀ ਕਾਰਗੁਜ਼ਾਰੀ ਮਿਲ ਰਹੀ ਹੈ। ਡਾ. ਕੰਬੋਜ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਦਾ ਇਸ ਅਧਿਐਨ ਬਾਰੇ ਖੋਜ ਪਰਚਾ ‘ਸੰਵਾਦ` ਨਾਮਕ ਪੀਅਰ ਰੀਵਿਊਡ ਖੋਜ ਰਸਾਲੇ ਵਿਚ ਛਪਿਆ ਹੈ ਤੇ ਪਾਠਕ ਵਧੇਰੇ ਜਾਣਕਾਰੀ ਲੈ ਸਕਦੇ ਹਨ |

Scroll to Top