Punjab Government

ਪੰਜਾਬ ਸਰਕਾਰ ਕਮਜ਼ੋਰ ਵਰਗ ਨੂੰ ਉੱਚਾ ਚੁੱਕਣ ਲਈ ਵਚਨਬੱਧ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 2 ਅਗਸਤ 2023: ਕੈਬਿਨਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਨੇ ਹਮੇਸ਼ਾ ਜ਼ਰੂਰਤਮੰਦਾਂ ਦਾ ਹੱਥ ਫੜਿਆ ਹੈ ਅਤੇ ਸਰਕਾਰ ਵਲੋਂ ਵੱਖ-ਵੱਖ ਯੋਜਨਾਵਾਂ ਰਾਹੀਂ ਕਮਜ਼ੋਰ ਵਰਗ ਨੂੰ ਉੱਚਾ ਚੁੱਕਣ ਲਈ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਸੂਬਾ ਪੱਧਰੀ ਸਮਾਗਮ ਵਿਚ ਵਰਚੂਅਲ ਤੌਰ ’ਤੇ ਹਿੱਸਾ ਲੈਣ ਤੋਂ ਬਾਅਦ ਲਾਭਪਾਤਰੀਆਂ ਨੂੰ ਘਰਾਂ ਦੇ ਨਿਰਮਾਣ ਲਈ ਚੈੱਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।

ਕੈਬਿਨਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਸਕੀਮ ਤਹਿਤ ਘਰਾਂ ਦੇ ਨਿਰਮਾਣ ਲਈ 25000 ਯੋਗ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਵਜੋਂ 101 ਕਰੋੜ ਰੁਪਏ ਦੇ ਚੈੱਕ ਸੌਂਪੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਰ ਲਾਭਪਾਤਰੀ ਨੂੰ 1.75 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਵਿਸ਼ੇਸ਼ ਕਰਕੇ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਪੱਛੜੇ ਵਰਗ ਦੇ ਕਲਿਆਣ ਲਈ ਵਚਨਬੱਧ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਜ਼ਿਲ੍ਹੇ ਦੇ ਨਗਰ ਨਿਗਮਾਂ ਤੇ ਨਗਰ ਪ੍ਰੀਸ਼ਦਾਂ ਤਹਿਤ 727 ਲਾਭਪਾਤਰੀਆਂ ਨੂੰ 2 ਕਰੋੜ 31 ਲੱਖ 53 ਹਜ਼ਾਰ ਰੁਪਏ ਦਾ ਲਾਭ ਮਿਲਿਆ ਹੈ। ਇਸ ਵਿਚ ਨਗਰ ਨਿਗਮ ਹੁਸ਼ਿਆਰਪੁਰ ਦੇ 202 ਲਾਭਪਾਤਰੀਆਂ ਨੂੰ 82.77 ਲੱਖ ਰੁਪਏ, ਤਲਵਾੜਾ ਦੇ 70 ਲਾਭਪਾਤਰੀਆਂ ਨੂੰ 18.54 ਲੱਖ, ਉੜਮੁੜ ਟਾਂਡਾ ਦੇ 22 ਲਾਭਪਾਤਰੀਆਂ ਨੂੰ 5.5 ਲੱਖ, ਦਸੂਹਾ ਦੇ 89 ਲਾਭਪਾਤਰੀਆਂ ਨੂੰ 22.15 ਲੱਖ, ਗੜ੍ਹਦੀਵਾਲਾ ਦੇ 66 ਲਾਭਪਾਤਰੀਆਂ ਨੂੰ 18.7 ਲੱਖ, ਮੁਕੇਰੀਆਂ ਦੇ 87 ਲਾਭਪਾਤਰੀਆਂ ਨੂੰ 29.49 ਲੱਖ, ਹਰਿਆਣਾ ਦੇ 61 ਲਾਭਪਾਤਰੀਆਂ ਨੂੰ 13.91 ਲੱਖ, ਸ਼ਾਮਚੁਰਾਸੀ ਦੇ 56 ਲਾਭਪਾਤਰੀਆਂ ਨੂੰ 16.65 ਲੱਖ, ਮਾਹਿਲਪੁਰ ਦੇ 25 ਲਾਭਪਾਤਰੀਆਂ ਨੂੰ 5.62 ਲੱਖ ਅਤੇ ਗੜ੍ਹਸ਼ੰਕਰ ਦੇ 59 ਲਾਭਪਾਤਰੀਆਂ ਨੂੰ 18.2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਮੌਕੇ ਐਮ.ਟੀ.ਪੀ. ਨਗਰ ਨਿਗਮ ਹੁਸ਼ਿਆਰਪੁਰ ਲਖਬੀਰ ਸਿੰਘ, ਜ਼ਿਲ੍ਹੇ ਦੀਆਂ ਨਗਰ ਪ੍ਰੀਸ਼ਦਾਂ ਦੇ ਸਮੂਹ ਕਾਰਜਸਾਧਕ ਅਫ਼ਸਰ, ਸੁਮੇਸ਼ ਸੋਨੀ, ਵਰਿੰਦਰ ਵੈਦ ਵੀ ਮੌਜੂਦ ਸਨ।

Scroll to Top