July 2, 2024 9:04 pm
Iran

ਈਰਾਨ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਸਰਕਾਰ ਨੇ ਸਾਰੇ ਦਫਤਰ, ਸਕੂਲ ਤੇ ਬੈਂਕ ਕੀਤੇ ਬੰਦ

ਚੰਡੀਗੜ੍ਹ, 02 ਅਗਸਤ 2023: ਅੱਤ ਦੀ ਗਰਮੀ ਕਾਰਨ ਈਰਾਨ (Iran) ਵਿੱਚ ਪਹਿਲੀ ਵਾਰ 2 ਦਿਨਾਂ ਲਈ ਮੁਕੰਮਲ ਬੰਦ ਦਾ ਐਲਾਨ ਕੀਤਾ ਗਿਆ ਹੈ। ਈਰਾਨ ਦੀ ਸਰਕਾਰ ਨੇ ਸਾਰੇ ਦਫਤਰ, ਸਕੂਲ ਅਤੇ ਬੈਂਕਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਈਰਾਨ ਵਿੱਚ ਤਾਪਮਾਨ 123 ਡਿਗਰੀ ਫਾਰਨਹਾਈਟ ਯਾਨੀ 50 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਸਿਹਤ ਮੰਤਰਾਲੇ ਨੇ ਹੀਟ ਸਟ੍ਰੋਕ ਦੇ ਖਤਰੇ ਦਾ ਹਵਾਲਾ ਦਿੰਦੇ ਹੋਏ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।

ਸਰਕਾਰੀ ਬੁਲਾਰੇ ਅਲੀ ਬਹਾਦੁਰ-ਜਹਰੋਮੀ ਨੇ ਕਿਹਾ ਕਿ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਸਿਸਤਾਨ-ਬਲੂਚਿਸਤਾਨ ਦੇ ਦੱਖਣ-ਪੂਰਬੀ ਸੂਬੇ ਵਿੱਚ, ਵੱਧ ਰਹੇ ਤਾਪਮਾਨ ਅਤੇ ਧੂੜ ਦੇ ਤੂਫਾਨ ਨੇ ਹਾਲ ਹੀ ਵਿੱਚ ਲਗਭਗ 1,000 ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਲਈ ਮਜਬੂਰ ਕੀਤਾ ਹੈ। ਊਰਜਾ ਮੰਤਰਾਲੇ ਨੇ ਕਿਹਾ ਕਿ ਈਰਾਨ ‘ਚ ਇਸ ਸਾਲ ਬਿਜਲੀ ਦੀ ਵਰਤੋਂ ਰਿਕਾਰਡ ਪੱਧਰ ‘ਤੇ ਪਹੁੰਚਣ ਦੀ ਉਮੀਦ ਹੈ, ਕਿਉਂਕਿ ਲੋਕ ਏ.ਸੀ. ਦੀ ਵਰਤੋਂ ਵਧਾ ਰਹੇ ਹਨ।

ਈਰਾਨ (Iran) ਵਿੱਚ ਹੁਣ ਤੱਕ 2 ਪਾਵਰ ਪਲਾਂਟ ਗਰਿੱਡ ਤੋਂ ਬਾਹਰ ਹੋ ਚੁੱਕੇ ਹਨ ਅਤੇ ਕਈ ਸ਼ਹਿਰਾਂ ਵਿੱਚ ਬਿਜਲੀ ਕੱਟ ਵੀ ਹੋ ਰਹੇ ਹਨ। ਮਾਹਿਰਾਂ ਮੁਤਾਬਕ ਈਰਾਨ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਇੱਥੇ ਬਿਜਲੀ ਦਾ ਬੁਨਿਆਦੀ ਢਾਂਚਾ ਬਹੁਤ ਪੁਰਾਣਾ ਹੈ। ਇਸ ਨੂੰ ਸੁਧਾਰਨ ਲਈ ਵਿਦੇਸ਼ੀ ਨਿਵੇਸ਼ ਦੀ ਲੋੜ ਹੈ। ਹਾਲਾਂਕਿ ਅਮਰੀਕਾ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਇਹ ਮੱਦਦ ਮਿਲਣੀ ਫਿਲਹਾਲ ਅਸੰਭਵ ਹੈ।

ਕੁਝ ਦਿਨ ਪਹਿਲਾਂ ਗਲੋਬਲ ਕਲਾਈਮੇਟ ਅਥਾਰਟੀਜ਼ ਦੇ ਵਿਗਿਆਨੀਆਂ ਨੇ ਦੱਸਿਆ ਸੀ ਕਿ ਜੁਲਾਈ 2023 ਮਨੁੱਖੀ ਇਤਿਹਾਸ ਦਾ ਸਭ ਤੋਂ ਗਰਮ ਮਹੀਨਾ ਰਿਹਾ । ਤਾਪਮਾਨ ਵਿੱਚ ਲਗਾਤਾਰ ਵਾਧੇ ਕਾਰਨ ਤਿੰਨ ਮਹਾਂਦੀਪ – ਉੱਤਰੀ ਅਮਰੀਕਾ, ਯੂਰਪ ਅਤੇ ਏਸ਼ੀਆ ਹੀਟਵੇਵ ਦੀ ਲਪੇਟ ਵਿੱਚ ਹਨ।

ਯੂਰਪੀਅਨ ਯੂਨੀਅਨ ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐਮਓ) ਦੀ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਨੇ ਇੱਕ ਰਿਪੋਰਟ ਵਿੱਚ ਕਿਹਾ – ਜੁਲਾਈ ਦੇ ਪਹਿਲੇ ਤਿੰਨ ਹਫ਼ਤਿਆਂ ਵਿੱਚ ਗਰਮੀ ਦੇ ਕਈ ਰਿਕਾਰਡ ਟੁੱਟੇ । ਕਈ ਦੇਸ਼ਾਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ 1 ਲੱਖ 20 ਹਜ਼ਾਰ ਸਾਲਾਂ ਵਿੱਚ ਇੰਨਾ ਗਰਮੀ ਪਈ |

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ- ਗਲੋਬਲ ਵਾਰਮਿੰਗ ਦਾ ਦੌਰ ਖਤਮ ਹੋ ਗਿਆ ਹੈ। ਹੁਣ ਗਲੋਬਲ ਬੋਇਲਿੰਗ ਦਾ ਦੌਰ ਆ ਗਿਆ ਹੈ। ਜਲਵਾਯੂ ਤਬਦੀਲੀ ਆ ਗਈ ਹੈ | ਇਹ ਬਹੁਤ ਖਤਰਨਾਕ ਹੈ। ਹਾਲਾਂਕਿ ਇਹ ਸਿਰਫ਼ ਸ਼ੁਰੂਆਤ ਹੈ, ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅਸੀਂ ਗਲੋਬਲ ਤਾਪਮਾਨ ਦੇ ਵਾਧੇ ਨੂੰ ਰੋਕ ਸਕਦੇ ਹਾਂ। ਪਰ ਇਸਦੇ ਲਈ ਸਾਨੂੰ ਤੁਰੰਤ ਕਦਮ ਚੁੱਕਣੇ ਪੈਣਗੇ।