ਸ੍ਰੀ ਅਨੰਦਪੁਰ ਸਾਹਿਬ, 28 ਜੁਲਾਈ 2023: ਜਵਾਨ ਜਤਿੰਦਰ ਸਿੰਘ (Jatinder Singh) ਪੁੱਤਰ ਸ਼ਮਸ਼ੇਰ ਸਿੰਘ ਡਿਊਟੀ ਦੌਰਾਨ ਬਰਫ ਤੋਂ ਪੈਰ ਫਿਸਲਣ ਕਰਕੇ ਸ਼ਹੀਦ ਹੋ ਗਿਆ। ਉਹ ਸਿੱਕਮ ਵਿੱਚ ਚੀਨ ਸਰਹੱਦ ‘ਤੇ ਤਾਇਨਾਤ ਸੀ। ਸ਼ਹੀਦ ਜਤਿੰਦਰ ਸਿੰਘ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਇੱਕ ਡੇਢ ਸਾਲ ਦੀ ਛੋਟੀ ਬੱਚੀ ਹੈ। ਸ਼ਹੀਦ ਸੈਨਿਕ ਜਤਿੰਦਰ ਸਿੰਘ ਦੀ ਦੇਹ ਮਾਨ-ਸਨਮਾਨ ਨਾਲ ਜੱਦੀ ਪਿੰਡ ਲਿਆਂਦੀ ਗਈ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ |
ਸ਼ਹੀਦ ਜਤਿੰਦਰ ਸਿੰਘ ਦੇ ਪਰਿਵਾਰ ਵਿੱਚ ਮਾਹੌਲ ਗਮਗੀਨ ਹੈ। ਪਰਿਵਾਰ ਨੇ ਕਿਹਾ ਕਿ ਸਾਨੂੰ ਆਪਣੇ ਪੁੱਤ ‘ਤੇ ਮਾਣ ਹੈ ਕਿ ਉਸ ਨੇ ਦੇਸ਼ ਲਈ ਸ਼ਹਾਦਤ ਦਾ ਜਾਮ ਪੀਤਾ | ਇਲਾਕੇ ਵਿੱਚ ਭਾਵੇਂ ਭਾਰੀ ਸੋਗ ਦੀ ਲਹਿਰ ਚੱਲ ਰਹੀ ਹੈ ਉੱਥੇ ਹੀ ਜਵਾਨ ਜਤਿੰਦਰ ਸਿੰਘ ਦੀ ਅੰਤਿਮ ਦਰਸ਼ਨਾਂ ਦੇ ਲਈ ਆਈ ਦੇਹ ਨੂੰ ਵੇਖ ਕੇ ਲੋਕਾਂ ਦੇ ਹੰਝੂ ਨਹੀ ਰੁਕ ਸਕੇ | ਉੱਥੇ ਹੀ ਭਾਰਤੀ ਫ਼ੌਜ ਦੇ ਜਵਾਨਾਂ ਨੇ ਇੱਕ ਵਿਸ਼ੇਸ਼ ਟੁਕੜੀ ਨੇ ਆ ਕੇ ਸਲਾਮੀ ਦਿੱਤੀ ਇਸ ਮੌਕੇ ਪ੍ਰਸ਼ਾਸਨ ਵਲੋਂ ਡੀ.ਐਸ.ਪੀ ਅਜੈ ਸਿੰਘ ਤਹਿਸੀਲਦਾਰ ਤੇ ਪੁਲਿਸ ਦੀਆਂ ਹੋਰ ਟੁਕੜੀਆਂ ਦੇ ਨਾਲ ਨਾਲ ਸਮੁੱਚੇ ਇਲਾਕੇ ਦੇ ਰਾਜਨੀਤਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਮੁਖੀ ਹਾਜਰ ਸਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਰਤ ਮਾਤਾ ਦੀ ਸ਼ਾਨ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਾਰਗਿਲ ਵਿਜੈ ਦਿਵਸ ਮੌਕੇ ਬਹੁਤ ਹੀ ਦੁਖਦਾਈ ਖ਼ਬਰ ਨੇ ਮਨ ਨੂੰ ਝੰਜੋੜ ਦਿੱਤਾ | ਰੋਪੜ ਜਿਲ੍ਹੇ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਤਰਫ ਮਜਾਰੀ ਦੇ ਭਾਰਤੀ ਸੈਨਾ ਦੇ ਜਵਾਨ ਜਤਿੰਦਰ ਕੁਮਾਰ ਪੁੱਤਰ ਸਮਸ਼ੇਰ ਸਿੰਘ (28 ਸਾਲ) ਦਾ ਫੌਜ ਦੀ ਨੋਕਰੀ ਦੌਰਾਨ ਹੀ ਬੀਤੀ ਦਿਨੀ ਅਚਾਨਕ ਅਕਾਲ ਚਲਾਣਾ ਹੋ ਗਿਆ ਸੀ ਜਿਸ ਕਾਰਨ ਜਵਾਨ ਜਤਿੰਦਰ ਵਾਹਿਗੁਰੂ ਦੇ ਚਰਨਾ ਵਿੱਚ ਜਾ ਬਿਰਾਜੇ ਹਨ।
ਪਿਆਰੇ ਵੀਰ ਜਤਿੰਦਰ ਸਿੰਘ ਦੇ ਅਚਨਚੇਤ ਵਿਛੋੜੇ ਕਾਰਨ ਮਨ ਬਹੁਤ ਦੁਖੀ ਹੈ, ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਰੀਕ ਹੁੰਦਾ ਹੋਇਆ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਭਾਣਾ ਮੰਨਣ ਦੀ ਅਰਦਾਸ ਕਰਦਾ ਹਾਂ। ਸ਼ਹੀਦ ਜਵਾਨ ਉਹਨਾ ਦੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ | ਹਲਕਾ ਵਿਧਾਇਕ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਵੱਲੋਂ ਆਪਣੀ ਹਾਜ਼ਰੀ ਲਗਵਾਉਣ ਦੇ ਲਈ ਆਪਣੇ ਮੀਡੀਆ ਐਡਵਾਈਜ਼ਰ ਦੀਪਕ ਸੋਨੀ ਅਤੇ ਆਪਣੇ ਪਿਤਾ ਸੋਹਣ ਸਿੰਘ ਨੂੰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭੇਜਿਆ |