ਚੰਡੀਗੜ੍ਹ, 28 ਜੁਲਾਈ 2023: ਮਣੀਪੁਰ ਮੁੱਦੇ ‘ਤੇ ਲੋਕ ਸਭਾ (Lok Sabha) ਅਤੇ ਰਾਜ ਸਭਾ ‘ਚ ਡੈੱਡਲਾਕ ਜਾਰੀ ਹੈ। ਮਾਨਸੂਨ ਸੈਸ਼ਨ ਦੇ ਸੱਤਵੇਂ ਦਿਨ ਸ਼ੁੱਕਰਵਾਰ ਨੂੰ ਦੋਵਾਂ ਸਦਨਾਂ ‘ਚ ਕਾਫੀ ਹੰਗਾਮਾ ਹੋਇਆ। ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਨਾਅਰੇਬਾਜ਼ੀ ਸ਼ੁਰੂ ਹੋ ਗਈ। ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਬੇਭਰੋਸਗੀ ਮਤੇ ‘ਤੇ ਤੁਰੰਤ ਚਰਚਾ ਦੀ ਮੰਗ ਕੀਤੀ।
ਰਾਜ ਸਭਾ ਦੀ ਕਾਰਵਾਈ 45 ਮਿੰਟ ਤੱਕ ਚੱਲੀ, ਪਰ ਚੇਅਰਮੈਨ ਜਗਦੀਪ ਧਨਖੜ ਅਤੇ ਟੀਐਮਐਸਈ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਵਿਚਾਲੇ ਬਹਿਸ ਮਗਰੋਂ ਇਸ ਨੂੰ 31 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਦੂਜੇ ਪਾਸੇ ਰਾਜ ਸਭਾ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਵੀ ਸੰਸਦ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਕਿਹਾ, ‘ਤੁਸੀਂ ਸਦਨ ਦੀ ਕਾਰਵਾਈ ਨਹੀਂ ਚੱਲਣ ਦੇਣਾ ਚਾਹੁੰਦੇ, ਪ੍ਰਸ਼ਨ ਕਾਲ, ਜਿੱਥੇ ਸਰਕਾਰ ਸਵਾਲਾਂ ਦੇ ਜਵਾਬ ਦਿੰਦੀ ਹੈ, ਬਹੁਤ ਮਹੱਤਵਪੂਰਨ ਹੈ।’ ਇਸ ‘ਤੇ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ 10 ਮਈ 1978 ਨੂੰ ਬੇਭਰੋਸਗੀ ਮਤਾ ਪੇਸ਼ ਹੁੰਦੇ ਹੀ ਇਸ ‘ਤੇ ਬਹਿਸ ਸ਼ੁਰੂ ਹੋ ਗਈ ਸੀ।