ਚੰਡੀਗੜ੍ਹ, 28 ਜੁਲਾਈ 2023: ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਅੱਜ ਮੀਂਹ (Rain) ਪੈਣ ਦੀ ਸੰਭਾਵਨਾ ਹੈ। ਮਾਝੇ, ਮਾਲਵਾ ਅਤੇ ਪੂਰਬੀ ਮਾਲਵੇ ਵਿੱਚ ਅੱਜ ਬੱਦਲਵਾਈ ਛਾਈ ਰਹੇਗੀ ਅਤੇ ਧੁੱਪ ਦੇ ਨਾਲ-ਨਾਲ ਹੁੰਮਸ ਵੀ ਪ੍ਰੇਸ਼ਾਨ ਕਰ ਸਕਦਾ ਹੈ । ਪੂਰਬੀ ਮਾਲਵੇ ਦੇ 10 ਜ਼ਿਲ੍ਹਿਆਂ ਵਿੱਚ ਅੱਜ ਯੈਲੋ ਅਤੇ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਪਿਛਲੇ 7 ਦਿਨਾਂ ਦੇ ਅੰਕੜੇ ਜਾਰੀ ਕੀਤੇ ਹਨ। ਪੰਜਾਬ ਵਿੱਚ ਪਿਛਲੇ ਹਫ਼ਤੇ ਆਮ ਮੀਂਹ ਦਰਜ ਕੀਤਾ ਗਿਆ ਹੈ ਪਰ 10 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਘੱਟ ਮੀਂਹ (Rain) ਪਿਆ ਹੈ। ਦੂਜੇ ਪਾਸੇ ਫਰੀਦਕੋਟ, ਅੰਮ੍ਰਿਤਸਰ, ਮੋਹਾਲੀ ਅਤੇ ਤਰਨਤਾਰਨ ਅਜਿਹੇ ਜ਼ਿਲ੍ਹੇ ਹਨ ਜਿੱਥੇ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪਹਾੜਾਂ ‘ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਡੈਮ ਅਤੇ ਪੌਂਗ ਡੈਮ ‘ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।