Lehragaga

ਲਹਿਰਾਗਾਗਾ ‘ਚ ਸੀਵਰੇਜ ਗੈਸ ਕਾਰਨ ਇੱਕ ਸਫਾਈ ਕਰਮਚਾਰੀ ਦੀ ਮੌਤ, ਦੋ ਦੀ ਹਾਲਤ ਗੰਭੀਰ

ਲਹਿਰਾਗਾਗਾ , 27 ਜੁਲਾਈ 2023: ਸੰਗਰੂਰ ਦੇ ਲਹਿਰਾਗਾਗਾ (Lehragaga) ਵਿੱਚ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਵੱਡਾ ਹਾਦਸਾ ਵਾਪਰਿਆ ਹੈ | ਲਹਿਰਾਗਾਗਾ ਵਿੱਚ ਨਗਰ ਕੌਂਸਲ ਦੇ ਸੀਵਰੇਜ ਦੀ ਸਫ਼ਾਈ ਸਮੇਂ ਇੱਕ ਸਫਾਈ ਕਰਮਚਾਰੀ ਸੀਵਰੇਜ ਦਾ ਢੱਕਣ ਚੁੱਕ ਕੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੀਵਰੇਜ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਉਹ ਹੇਠਾਂ ਡਿੱਗ ਗਿਆ, ਜਦੋਂ ਉਹ ਬਾਹਰ ਨਾ ਆਇਆ ਤਾਂ ਦੂਜਾ ਉਸ ਨੂੰ ਕੱਢਣ ਲਈ ਹੇਠਾਂ ਉਤਰਿਆ ਤਾਂ ਉਹ ਵੀ ਵਾਪਸ ਨਹੀਂ ਆਇਆ, ਜਦੋਂ ਤੀਜਾ ਅੰਦਰ ਗਿਆ ਤਾਂ ਤੀਜਾ ਸਵੀਪਰ ਵੀ ਵਾਪਸ ਨਹੀਂ ਆਇਆ | ਜਦੋਂ ਇਨ੍ਹਾਂ ਤਿੰਨ ਜਣਿਆਂ ਨੂੰ ਬਾਹਰ ਕੱਢਿਆ ਤਾਂ ਇੱਕ ਸਫਾਈ ਕਰਮਚਾਰੀ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਨਾ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਇਸ ਦੌਰਾਨ ਸਾਬਕਾ ਇੰਸਪੈਕਟਰ ਨਗਰ ਕੌਂਸਲ ਲਹਿਰਾਗਾਗਾ (Lehragaga) ਹਰੀ ਰਾਮ ਭੱਟੀ ਨੇ ਕਿਹਾ ਕਿ ਸੀਵਰੇਜ ਲਾਈਨ ਸਾਫ ਕਰਨਾ ਸਾਡੀ ਜ਼ਿੰਮੇਵਾਰੀ ਹੈ ਪਰ ਪੰਜਾਬ ਸਰਕਾਰ ਅਤੇ ਹਾਈਕੋਰਟ ਦੇ ਸਖ਼ਤ ਆਦੇਸ਼ ਸਨ ਕਿ ਸਫਾਈ ਕਰਮਚਾਰੀ ਨੂੰ ਬਿਨਾਂ ਸੇਫਟੀ ਕਿੱਟ ਦੇ ਸੀਵਰੇਜ ਅੰਦਰ ਨਾ ਉਤਾਰਿਆ ਜਾਵੇ | ਪਰ ਇਨ੍ਹਾਂ ਸਫਾਈ ਕਰਮਚਾਰੀਆਂ ਕੋਲ ਸੇਫਟੀ ਕਿੱਟ ਦੂਰ ਦੀ ਗੱਲ ਮਾਸਕ ਤੱਕ ਨਹੀਂ ਸੀ ਦਿੱਤਾ ਗਿਆ |

ਉਨ੍ਹਾਂ ਕਿਹਾ ਕਿ ਬਿਨਾਂ ਸੇਫਟੀ ਕਿੱਟ ਤੋਂ ਸਫਾਈ ਕਰਮਚਾਰੀ ਨੂੰ ਸੀਵਰੇਜ ਭੇਜਣਾ ਮਾਣਯੋਗ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਇਨ੍ਹਾਂ ਸਫਾਈ ਕਰਮਚਾਰੀ ਨੂੰ ਸੀਵਰੇਜ ਵਿੱਚ ਉਤਾਰਿਆ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਦੂਜੇ ਪਾਸੇ ਹਲਕਾ ਵਿਧਾਇਕ ਵਰਿੰਦਰ ਗੋਇਲ ਨੇ ‘ਦਿ ਅਨਮਿਊਟ’ ਨਾਲ ਗੱਲ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ |

 

Scroll to Top