Manipur

ਮਣੀਪੁਰ ਮੁੱਦੇ ‘ਤੇ ਹੰਗਾਮਾ, ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਲਈ ਮੁਲਤਵੀ

ਚੰਡੀਗੜ੍ਹ, 20 ਜੁਲਾਈ 2023: ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਮਣੀਪੁਰ (Manipur) ਹਿੰਸਾ ਮੁੱਦੇ ‘ਤੇ ਸੰਸਦ ਵਿੱਚ ਕਾਫ਼ੀ ਹੰਗਾਮਾ ਹੋਇਆ । ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਮਣੀਪੁਰ (Manipur) ਤੋਂ ਇੱਕ ਪਰੇਸ਼ਾਨ ਕਰਨ ਵਾਲੀ ਦੋ ਬੀਬੀਆਂ ਨੂੰ ਨਗਨ ਰੂਪ ਵਿੱਚ ਪਰੇਡ ਕਰਵਾਉਣ ਦੀ ਵੀਡੀਓ ਅਤੇ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਦਾ ਮੁੱਦਾ ਚੁੱਕਿਆ । ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਮਣੀਪੁਰ ਮੁੱਦੇ ‘ਤੇ ਪ੍ਰਧਾਨ ਮੰਤਰੀ ਦੀ ਚੁੱਪ ‘ਤੇ ਸਵਾਲ ਚੁੱਕੇ ਹਨ।

ਹੰਗਾਮੇ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮਣੀਪੁਰ ਮਾਮਲੇ ਨੂੰ ਲੈ ਕੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਪਰ ਹੰਗਾਮਾ ਜਾਰੀ ਰਹਿਣ ਕਾਰਨ ਹੁਣ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਮਣੀਪੁਰ (Manipur) ਮੁੱਦੇ ‘ਤੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਪੀਐਮ ਦੀ ਚੁੱਪ ਚਿੰਤਾਜਨਕ ਸੀ ਅਤੇ ਸਾਡੇ ਵਿੱਚੋਂ ਕਿਸੇ ਨੂੰ ਵੀ ਇਸ ਦੀ ਸਮਝ ਨਹੀਂ ਆਈ । ਸਾਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਆਖਰਕਾਰ ਆਪਣੀ ਚੁੱਪ ਤੋੜੀ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਇਸ ਬਾਰੇ ਸੰਸਦ ਵਿੱਚ ਵੀ ਚਰਚਾ ਕਰਨ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਪਾਰਟੀਆਂ ਮਣੀਪੁਰ ਘਟਨਾ ਨੂੰ ਸਿਆਸੀ ਤੌਰ ‘ਤੇ ਵਰਤ ਰਹੀਆਂ ਹਨ। ਠਾਕੁਰ ਨੇ ਕਿਹਾ ਕਿ ਅਸੀਂ ਸਦਨ ‘ਚ ਕਿਹਾ ਹੈ ਕਿ ਅਸੀਂ ਚਰਚਾ ਲਈ ਤਿਆਰ ਹਾਂ ਪਰ ਵਿਰੋਧੀ ਧਿਰ ਇਸ ਤੋਂ ਭੱਜਣਾ ਚਾਹੁੰਦੀ ਹੈ। ਵਿਰੋਧੀ ਸੂਬਿਆਂ ਵਿੱਚ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਵਿਰੋਧੀ ਧਿਰ ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਮੂਕ ਦਰਸ਼ਕ ਬਣੀ ਹੋਈ ਹੈ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਮਾਨਸੂਨ ਸੈਸ਼ਨ ਦੌਰਾਨ 31 ਆਰਡੀਨੈਂਸ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਵਿੱਚ ਡਿਜੀਟਲ ਪਰਸਨਲ ਪ੍ਰੋਟੈਕਸ਼ਨ ਬਿੱਲ 2023, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਸੋਧ) ਆਰਡੀਨੈਂਸ, 2023 ਸ਼ਾਮਲ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਰਕਾਰ ਨੇ ਮਾਨਸੂਨ ਸੈਸ਼ਨ ਨੂੰ ਲੈ ਕੇ ਸਰਬ ਪਾਰਟੀ ਬੈਠਕ ਬੁਲਾਈ ਸੀ, ਜਿਸ ‘ਚ 34 ਪਾਰਟੀਆਂ ਅਤੇ 44 ਆਗੂਆਂ ਨੇ ਹਿੱਸਾ ਲਿਆ ਸੀ। ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗਾ। ਇਸ ਦੌਰਾਨ 17 ਮੀਟਿੰਗਾਂ ਹੋਣਗੀਆਂ।

Scroll to Top