ਚੰਡੀਗੜ੍ਹ, 17 ਜੁਲਾਈ 2023: ਦਿੱਲੀ ਵਿੱਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆਉਣ ਤੋਂ ਬਾਅਦ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਉੱਤਰ ਪ੍ਰਦੇਸ਼ ਦੇ ਆਗਰਾ-ਮਥੁਰਾ ਦੇ ਕੁਝ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ।
ਯਮੁਨਾ ਦਾ ਪਾਣੀ ਆਗਰਾ ਦੇ ਤਾਜ ਮਹਿਲ (Taj Mahal) ਦੀ ਦੀਵਾਰ ਤੱਕ ਪਹੁੰਚ ਗਿਆ ਹੈ। ਇਸ ਕਾਰਨ ਨਦੀ ਦੇ ਆਲੇ-ਦੁਆਲੇ ਦੇ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ 52 ਕਲੋਨੀਆਂ ਵੀ ਪਾਣੀ ਵਿਚ ਡੁੱਬ ਗਈਆਂ ਹਨ। ਐਨ.ਡੀ.ਆਰ.ਐੱਫ ਨੇ ਹੁਣ ਤੱਕ 500 ਨਾਗਰਿਕਾਂ ਨੂੰ ਸੁਰੱਖਿਅਤ ਰਾਹਤ ਕੈਂਪਾਂ ‘ਚ ਪਹੁੰਚਾਇਆ ਹੈ। ਇਸ ਤੋਂ ਇਲਾਵਾ ਕਈ ਲੋਕ ਅਜੇ ਵੀ ਹੜ੍ਹ ‘ਚ ਫਸੇ ਹੋਏ ਹਨ।
ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਕਾਯਸ ਪਿੰਡ ਵਿੱਚ ਸੋਮਵਾਰ ਸਵੇਰੇ ਬੱਦਲ ਫਟ ਗਿਆ। ਇਸ ਕਾਰਨ ਇਕ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। 9 ਵਾਹਨ ਪਾਣੀ ‘ਚ ਵਹਿ ਗਏ। ਇਸਦੇ ਨਾਲ ਉੱਤਰੀ ਰੇਲਵੇ ਨੇ ਦੱਸਿਆ ਕਿ ਅੰਬਾਲਾ ਡਿਵੀਜ਼ਨ ਵਿੱਚ ਪਾਣੀ ਭਰਨ ਕਾਰਨ 16 ਟਰੇਨਾਂ ਨੂੰ ਅਸਥਾਈ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ, ਦੋ ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ।