ਚੰਡੀਗੜ੍ਹ, 04 ਜੁਲਾਈ 2023: ਮੱਧ ਪ੍ਰਦੇਸ਼ (Madhya Pradesh) ਤੋਂ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇਕ ਸ਼ਰਾਬੀ ਵਿਅਕਤੀ ਨੇ ਪੌੜੀਆਂ ‘ਤੇ ਬੈਠੇ ਇਕ ਆਦਿਵਾਸੀ ਨੌਜਵਾਨ ‘ਤੇ ਪਿਸ਼ਾਬ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਭਾਜਪਾ ਵਿਧਾਇਕ ਕੇਦਾਰ ਸ਼ੁਕਲਾ ਦਾ ਪ੍ਰਤੀਨਿਧੀ ਹੈ। ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀ ਭਾਜਪਾ ‘ਤੇ ਹਮਲਾਵਰ ਹੋ ਗਈਆਂ ਹਨ। ਇਸ ਦੌਰਾਨ ਮੁਲਜ਼ਮ ‘ਤੇ ਐਨ.ਐਸ.ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |
ਆਦਿਵਾਸੀ ਨੌਜਵਾਨ ‘ਤੇ ਪਿਸ਼ਾਬ ਕਰਨ ਵਾਲਾ ਨੌਜਵਾਨ ਭਾਜਪਾ ਵਿਧਾਇਕ ਕੇਦਾਰ ਸ਼ੁਕਲਾ ਦਾ ਪ੍ਰਤੀਨਿਧੀ ਪ੍ਰਵੇਸ਼ ਸ਼ੁਕਲਾ ਦੱਸਿਆ ਜਾ ਰਿਹਾ ਹੈ। ਜਿਸ ਕਬਾਇਲੀ ਬੰਦੇ ‘ਤੇ ਪਿਸ਼ਾਬ ਕੀਤਾ ਗਿਆ ਸੀ। ਉਸ ਦਾ ਨਾਂ ਪਾਲੇ ਕੋਲ ਦੱਸਿਆ ਜਾ ਰਿਹਾ ਹੈ, ਜੋ ਪਿੰਡ ਕਰੌਂਦੀ ਦਾ ਰਹਿਣ ਵਾਲਾ ਹੈ। ਹਾਲਾਂਕਿ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਭਾਜਪਾ ਵਿਧਾਇਕ ਕੇਦਾਰ ਸ਼ੁਕਲਾ ਨੇ ਕਿਹਾ ਕਿ ਪ੍ਰਵੇਸ਼ ਉਨ੍ਹਾਂ ਦਾ ਪ੍ਰਤੀਨਿਧੀ ਨਹੀਂ ਹੈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਿੱਧੀ ਜ਼ਿਲ੍ਹੇ ਦੀ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਹਦਾਇਤ ਕੀਤੀ ਹੈ ਕਿ ਉਕਤ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਅਕਤੀ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਵੀ ਲਗਾਇਆ ਜਾਵੇਗਾ।