ਚੰਡੀਗੜ੍ਹ, 04 ਜੁਲਾਈ 2023: ਆਮ ਤੌਰ ‘ਤੇ ਤੇਲ ਮਾਰਕੀਟਿੰਗ ਕੰਪਨੀਆਂ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਦੀਆਂ ਕੀਮਤਾਂ ਨੂੰ ਸੋਧਦੀਆਂ ਹਨ। 1 ਜੁਲਾਈ 2023 ਨੂੰ ਇਨ੍ਹਾਂ ‘ਚ ਕੋਈ ਬਦਲਾਅ ਨਹੀਂ ਹੋਇਆ ਸੀ ਪਰ ਤਿੰਨ ਦਿਨ ਬਾਅਦ ਅੱਜ ਮੰਗਲਵਾਰ ਨੂੰ ਕੰਪਨੀਆਂ ਨੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕਰਕੇ ਵੱਡਾ ਝਟਕਾ ਦਿੱਤਾ ਹੈ।
ਏ. ਐਨ ਆਈ. ਦੀ ਰਿਪੋਰਟ ਮੁਤਾਬਕ ਵਪਾਰਕ (ਕਮਰਸ਼ੀਅਲ) ਐਲਪੀਜੀ ਗੈਸ ਸਿਲੰਡਰ (LPG Gas Cylinder) ਦੀਆਂ ਕੀਮਤਾਂ ‘ਚ 7 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ 19 ਕਿੱਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਦਿੱਲੀ ਪ੍ਰਚੂਨ ਵਿਕਰੀ ਕੀਮਤ 1,773 ਰੁਪਏ ਤੋਂ ਵਧ ਕੇ 1,780 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਲਗਾਤਾਰ ਦੋ ਮਹੀਨਿਆਂ ਤੋਂ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ (LPG Gas Cylinder) ਦੀ ਕੀਮਤ ਵਿੱਚ ਕਟੌਤੀ ਕਰਕੇ ਰਾਹਤ ਦਿੱਤੀ ਸੀ। 01 ਜੂਨ 2023 ਨੂੰ ਸਿਲੰਡਰ 83.5 ਰੁਪਏ ਸਸਤਾ ਕੀਤਾ ਗਿਆ ਸੀ, ਜਦਕਿ ਇਸ ਤੋਂ ਪਹਿਲਾਂ 1 ਮਈ 2023 ਨੂੰ ਵਪਾਰਕ ਸਿਲੰਡਰ ਦੀ ਕੀਮਤ 172 ਰੁਪਏ ਘਟਾਈ ਗਈ ਸੀ। ਹਾਲਾਂਕਿ ਘਰੇਲੂ ਰਸੋਈ ਵਿੱਚ ਵਰਤੇ ਜਾਣ ਵਾਲੇ 14 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਕੀਤੇ ਗਏ ਤਾਜ਼ਾ ਵਾਧੇ ਤੋਂ ਬਾਅਦ ਹੁਣ ਦਿੱਲੀ ਤੋਂ ਇਲਾਵਾ ਕੋਲਕਾਤਾ ਵਿੱਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 1875.50 ਰੁਪਏ ਤੋਂ ਵਧ ਕੇ 1882.50 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਮੁੰਬਈ ‘ਚ ਇਸ ਦੀ ਕੀਮਤ 1725 ਰੁਪਏ ਤੋਂ ਵਧਾ ਕੇ 1732 ਰੁਪਏ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ, 1 ਮਾਰਚ, 2023 ਨੂੰ, ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 350.50 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਸੀ। ਕੀਮਤਾਂ ‘ਚ ਇਸ ਵੱਡੇ ਵਾਧੇ ਤੋਂ ਬਾਅਦ ਦਿੱਲੀ ‘ਚ ਇਸ ਦੀ ਕੀਮਤ ਵਧ ਕੇ 2119.50 ਰੁਪਏ ਹੋ ਗਈ ਸੀ। ਹਾਲਾਂਕਿ, ਉਦੋਂ ਤੋਂ ਇਸ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ, 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 1 ਮਾਰਚ, 2023 ਨੂੰ ਆਖਰੀ ਵਾਰ 50 ਰੁਪਏ ਵਧਾਈ ਗਈ ਸੀ। ਉਦੋਂ ਤੋਂ ਇਸ ਦੀਆਂ ਕੀਮਤਾਂ ਸਥਿਰ ਹਨ। ਤਾਜ਼ਾ ਸੰਸ਼ੋਧਨ ਵਿੱਚ ਵੀ, ਤੇਲ ਮਾਰਕੀਟਿੰਗ ਕੰਪਨੀਆਂ ਨੇ ਘਰੇਲੂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।