ਚੰਡੀਗੜ੍ਹ 30 ਜੂਨ 2023: ਜਦੋਂ ਵੀ ਕੋਈ ਪੰਜਾਬੀ ਫਿਲਮ ਦੇ ਆਉਣ ਦੀ ਚਰਚਾ ਹੁੰਦੀ ਹੈ ਤਾਂ ਦਰਸ਼ਕ ਉਦੋਂ ਤੋਂ ਹੀ ਉਸਦਾ ਬੇਸਬਰੀ ਨਾਲ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਹਾਲ ਹੀ ‘ਚ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਟਰੇਲਰ ਰਿਲੀਜ਼ ਹੋਇਆ। ਇਹ ਫ਼ਿਲਮ ਵੇਸਟਾ ਵੰਡਰ ਮੋਸ਼ਨ ਪਿਕਚਰਜ਼ ਅਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਦੇ ਨਿਰਮਾਤਾ ਲਾਡਾ ਸਿਆਣ ਘੁੰਮਣ ਹਨ ਤੇ ਇਸ ਨੂੰ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖਿਆ ਹੈ। ਹਰੀਸ਼ ਵਰਮਾ ਤੇ ਸਿੱਮੀ ਚਾਹਲ ਦੇ ਨਾਲ ਇਸ ਫ਼ਿਲਮ ‘ਚ ਬੀ.ਐਨ. ਸ਼ਰਮਾ, ਜਤਿੰਦਰ ਕੌਰ, ਅਨੀਤਾ ਦੇਵਗਨ ਤੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।
ਟ੍ਰੇਲਰ ‘ਚ ਦੇਖਿਆ ਜਾ ਸਕਦਾ ਹੈ ਕਿ ਹਰੀਸ਼ ਵਰਮਾ ਤੇ ਸਿੱਮੀ ਚਾਹਲ ਇਸ ‘ਚ ਲਵ ਬਰਡਜ਼ ਦੇ ਰੂਪ ‘ਚ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਦੇ ਵਿਆਹ ‘ਚ ਸਿੱਮੀ ਚਾਹਲ ਦੀ ਦਾਦੀ ਇੱਕ ਰੁਕਾਵਟ ਬਣ ਜਾਂਦੀ ਹੈ, ਪਰ ਕਹਾਣੀ ‘ਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਇਨ੍ਹਾਂ ਦੋਂਵੇ ਦੇ ਦਾਦਾ-ਦਾਦੀ ਪੂਰੇ ਹੋ ਜਾਂਦੇ ਹਨ। ਇਸ ਤੋਂ ਬਾਅਦ ਇਨ੍ਹਾਂ ਚਾਰਾਂ ਵਿਚਾਲੇ ਇੱਕ ਕ੍ਰੋਸ ਕਨੈਕਸ਼ਨ ਦੇਖਣ ਨੂੰ ਮਿਲਦਾ ਹੈ। ਹਰੀਸ਼ ਵਰਮਾ ਨੂੰ ਸਿੱਮੀ ਦੀ ਦਾਦੀ ਦੀ ਆਤਮਾ ਦਿਖਾਈ ਦਿੰਦੀ ਹੈ ਤੇ ਸਿੱਮੀ ਨੂੰ ਹਰੀਸ਼ ਦੇ ਦਾਦੇ ਦੀ।
ਜ਼ਾਹਿਰ ਹੈ ਕਿ ਹੁਣ ਪੰਜਾਬੀ ਸਿਨੇਮਾ ‘ਚ ਬਹੁਤ ਸਾਰੇ ਨਵੇਂ ਕੰਸੈਪਟ ਆ ਰਹੇ ਹਨ, ਪਰ ਇਸ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਪੰਜਾਬੀ ਫ਼ਿਲਮਾਂ ਤੋਂ ਕਾਮੇਡੀ ਕਦੇ ਵੱਖ ਨਹੀਂ ਹੋ ਸਕਦੀ। ਇਸ ਫ਼ਿਲਮ ਨੂੰ ਹੋਰਰ ਕਾਮੇਡੀ ਦੇ ਨਾਲ-ਨਾਲ ਰੋਮ ਕੌਮ ਵੀ ਕਹਿ ਸਕਦੇ ਹਾਂ। ਇਸ ਫ਼ਿਲਮ ‘ਚ ਹੁਣ ਸਸਪੈਂਸ ਇਹ ਬਣਿਆ ਹੋਇਆ ਹੈ ਕਿ ਅਖੀਰ ਦਾਦਾ-ਦਾਦੀ ਦਾ ਕਿਰਦਾਰ ਕਿਵੇਂ ਦਾ ਹੋਵੇਗਾ ਤੇ ਕੀ ਫ਼ਿਲਮ ‘ਚ ਹਰੀਸ਼ ਤੇ ਸਿੱਮੀ ਦੋਵਾਂ ਦਾ ਵਿਆਹ ਹੁੰਦਾ ਹੈ ਜਾਂ ਇਹ ਡਰਾਮਾ ਇੱਦਾਂ ਹੀ ਚਲਦਾ ਰਹੇਗਾ। ਦਰਸ਼ਕ ਵੀ ਆਪਣੇ-ਆਪਣੇ ਅਨੁਮਾਨ ਲਗਾਉਣੇ ਸ਼ੁਰੂ ਹੋ ਗਏ ਹਨ। ਪਰ ਹੋਣਾ ਕੀ ਹੈ ਇਹ ਜਾਨਣ ਲਈ ਤੁਹਾਨੂੰ 14 ਜੁਲਾਈ ਨੂੰ ਸਿਨੇਮਾ ਘਰਾਂ ‘ਚ ਜਾ ਕੇ ਦੇਖਣੀ ਪਵੇਗੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’। ਫ਼ਿਲਮ ਦੀ ਪੂਰੀ ਟੀਮ ਦਰਸ਼ਕਾਂ ਦੇ ਦਿਲ ਜਿੱਤਣ ਨੂੰ ਪੂਰੀ ਤਰ੍ਹਾਂ ਤਿਆਰ ਹੈ।