July 5, 2024 2:35 am
ਨੌਵੇਂ ਪਾਤਸ਼ਾਹ

ਨੌਵੇਂ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਸਮਰਪਿਤ ਇਤਿਹਾਸਕ ਅਸਥਾਨ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਬਹਾਦਰਗੜ੍ਹ/ਪਟਿਆਲਾ 29 ਜੂਨ 2023: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਤਿਹਾਸਕ ਅਸਥਾਨ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਉਪਰੰਤ ਹੋਈ।

ਆਰੰਭਤਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਚੇਚੇ ਤੌਰ ’ਤੇ ਪਹੁੰਚੇ ਹੋਏ, ਜਿਨ੍ਹਾਂ ਨੇ ਅਦਬ ਅਤੇ ਸਤਿਕਾਰ ਨਾਲ ਗੁਰੂ ਮਹਾਰਾਜ ਦੇ ਸਰੂਪ ਫੁੱਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਕੀਤੇ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਰੰਭ ਹੋਏ ਨਗਰ ਕੀਰਤਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨਾਂ ਵਿਚ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਸਮੇਤ ਆਦਿ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

ਨਗਰ ਕੀਰਤਨ ਪੜ੍ਹਾਅ ਵੱਲ ਰਵਾਨਾ ਹੋਣ ਮੌਕੇ ਫੁੱਲਾਂ ਨਾਲ ਸਜੀ ਪਾਲਕੀ ਦੇ ਨਾਲ ਨਾਲ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਅਤੇ ਗੱਤਕਾ ਪਾਰਟੀਆਂ ਨੇ ਵੀ ਗੱਤਕੇ ਦੇ ਜੌਹਰ ਵਿਖਾਏ। ਪਾਲਕੀ ਸਾਹਿਬ ਦੇ ਅੱਗੇ ਝਾੜੂ ਬਰਦਾਰ ਬਣੀਆਂ ਸੰਗਤਾਂ ਸੇਵਾ ਕਰ ਰਹੀਆਂ ਸਨ। ਇਸ ਦੌਰਾਨ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਖਾਲਸਾਈ ਪਹਿਰਾਵਿਆਂ ਵਿਚ ਸਕੂਲੀ ਬੱਚਿਆਂ ਵੱਲੋਂ ਨਗਰ ਕੀਰਤਨ ਨੂੰ ਖਾਲਸਾਈ ਰੰਗ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਆਗਮਨ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਸ਼ਾਂਤੀ ਦੇਣ ਵਾਲੀ ਅਤੇ ਪ੍ਰਮਾਤਮਾ ਦਾ ਗੁਣ ਗਾਇਨ ਕਰਨ ਦੀ ਜਿਥੇ ਪ੍ਰੇਰਨਾ ਪ੍ਰਦਾਨ ਕਰਦੀ ਹੈ, ਉਥੇ ਹੀ ਮਾਨਵੀ ਹੱਕਾਂ ’ਤੇ ਪਹਿਰਾ ਦੇਣ ਦੀ ਗਵਾਹੀ ਵੀ ਭਰਦੀ ਹੈ ਅਤੇ ਵਿਸ਼ਵ ਇਤਿਹਾਸ ਅੰਦਰ ਗੁਰੂ ਸਾਹਿਬ ਦੀ ਕੁਰਬਾਨੀ ਵਿਲੱਖਣ ਹੈ। ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਸਾਹਿਬ ਦੀ ਬਾਣੀ ਸਮੁੱਚੀ ਮਾਨਵਤਾ ਨੂੰ ਪ੍ਰਮਾਤਮਾ ਦੇ ਭਾਣੇ ’ਚ ਰਹਿਣ ਦਾ ਵੱਡਮੁੱਲਾ ਸਿਧਾਂਤ ਪ੍ਰਦਾਨ ਕਰਦੀ ਹੈ।

ਇਸ ਮੌਕੇ ਸੀਨੀ. ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਗੁਰੂ ਸਾਹਿਬ ਵੱਲੋਂ ਦਿੱਤੀ ਸ਼ਹਾਦਤ ਵਿਚੋਂ ਮਨੁੱਖਤਾ ਅਜਿਹੀ ਜੀਵਨ ਜਾਂਚ ਮਿਲੀ, ਜੋ ਗੁਰੂ ਆਸ਼ੇ ’ਤੇ ਚੱਲਣ ਦਾ ਰਾਹ ਵਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਗੁਰਬਾਣੀ ਅਤੇ ਜੀਵਨ ਵਿਚਾਰਾਧਾਰਾ ਵਿਚੋਂ ਨਾ ਡਰੋ ਅਤੇ ਨਾ ਡਰਾਓ ਦਾ ਸਿਧਾਂਤ ਵੀ ਮਿਲਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਧਰਮ, ਜਾਤ ਅਤੇ ਨਸਲ ਤੋਂ ਉਪਰ ਉਠ ਕੇ ਆਪਣੀ ਸ਼ਹਾਦਤ ਦਿੱਤੀ। ਨਗਰ ਕੀਰਤਨ ਦੌਰਾਨ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਗੁਰੂ ਸਾਹਿਬ ਦੇ ਜੀਵਨ ਵਿਚਾਰਾਧਾਰਾ, ਗੁਰਬਾਣੀ ਫਲਸਫੇ ਨਾਲ ਜੁੜਨ ਦਾ ਮਾਰਗ ਦਰਸ਼ਨ ਕੀਤਾ ਅਤੇ ਦੂਰ ਦੁਰਾਡੇ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ, ਮੈਨੇਜਰ ਸੁਰਜੀਤ ਸਿੰਘ, ਮੈਨੇਜਰ ਕਰਨੈਲ ਸਿੰਘ, ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ, ਭਗਵੰਤ ਸਿੰਘ, ਪਲਵਿੰਦਰ ਸਿੰਘ ਰਿੰਕੂ, ਭੁਪਿੰਦਰ ਸਿੰਘ ਸ਼ੇਖੂਪੁਰਾ, ਕੁਲਦੀਪ ਸਿੰਘ ਹਰਪਾਲਪੁਰ, ਸਾਬਕਾ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ, ਤਰਲੋਕ ਸਿੰਘ ਤੋਰਾ, ਬੀਬੀ ਕਲਦੀਪ ਕੌਰ ਘੁੰਮਣ, ਮਹਿੰਦਰ ਸਿੰਘ ਕਟਾਰੀਆ, ਮਨਮੋਹਨ ਸਿੰਘ ਮਹਿਮਦਪੁਰ, ਜਰਨੈਲ ਸਿੰਘ ਰਾਠੌਰ ਐਮ.ਸੀ., ਸੁਖਦੇਵ ਸਿੰਘ, ਜੰਗ ਸਿੰਘ ਅਲੀਪੁਰ, ਸਤਨਾਮ ਸਿੰਘ ਬਾਗੀ, ਵਰਿੰਦਰ ਸਿੰਘ ਬਿੱਟੂ, ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਸੁਰਿੰਦਰ ਸਿੰਘ ਆਕੜ੍ਹੀ, ਹਰਵਿੰਦਰ ਸਿੰਘ ਮਹਿਮਦਪੁਰ ਆਦਿ ਸੰਗਤਾਂ ਵੱਡੀ ਗਿਣਤੀ ਹਾਜ਼ਰ ਸਨ।

ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਨਵਾਬ ਸੈਫ਼ ਖਾਨ ਦੀਵਾਨ ਹਾਲ ਦਾ ਉਦਘਾਟਨ ਨੌਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਆਪਣੇ ਕਰ ਕਮਲਾਂ ਨਾਲ ਨਵਾਬ ਸੈਫ਼ ਖ਼ਾਨ ਦੀਵਾਨ ਹਾਲ ਦਾ ਉਦਘਾਟਨ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਦੇ ਨਵੀਨੀਕਰਨ ਅਤੇ ਵਾਤਾਅਨੁਕੁਲਿਤ ਕਰਨ ਸਮੇਂ ਕਾਰ ਸੇਵਾ ਵਾਲੇ ਬਾਬਾ ਬਲਵੀਰ ਸਿੰਘ ਗੜ੍ਹੀ ਸਾਹਿਬ ਅਤੇ ਪਟਿਆਲੇ ਦੀ ਸੰਗਤਾਂ ਵੱਲੋਂ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਮੌਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੀਵਾਨ ਹਾਲ ਦੌਰਾਨ ਆਪਣਾ ਅਹਿਮ ਯੋਗਦਾਨ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਬਲਵੀਰ ਸਿੰਘ ਗੜ੍ਹੀ ਸਾਹਿਬ ਵਾਲਿਆਂ ਸਮੇਤ ਗੁਰੂ ਸ਼ਬਦ ਪ੍ਰਚਾਰ ਸਭਾ ਦੇ ਪ੍ਰਧਾਨ ਭਗਵੰਤ ਸਿੰਘ ਅਤੇ ਸੰਗਤਾਂ ਨੂੰ ਸਿਰੋਪਾਓ ਵੀ ਭੇਂਟ ਕੀਤਾ ਗਿਆ।

ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਕਿ ਸੰਗਤਾਂ ਦੀ ਪੁਰ ਮੰਗ ’ਤੇ ਗੁਰਦੁਆਰਾ ਸਾਹਿਬ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਦੀਵਾਨ ਹਾਲ ਤਿਆਰ ਕਰਵਾਇਆ ਗਿਆ। ਉਨ੍ਹਾਂ ਨਫਾਬ ਸੈਫ ਖਾਨ ਨਾਲ ਸਬੰਧਤ ਇਤਿਹਾਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਨਵਾਬ ਸੈਫ਼ ਖਾਨ ਅਜਿਹੀ ਸਖਸ਼ੀਅਤ ਸਨ, ਜਿਨ੍ਹਾਂ ਨੂੰ ਰਹਿੰਦੇ ਸਮੇਂ ਤੱਕ ਇਸ ਕਰਕੇ ਯਾਦ ਕੀਤਾ ਜਾਂਦਾ ਰਹੇਗਾ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸ਼ਰਨ ਹਾਸਲ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਕ ਵਿਚ ਨਾਅਰਾ ਮਾਰਦਿਆਂ ਮੁਗਲ ਸਾਮਰਾਜ ਦੀਆਂ ਜ਼ੁਲਮੀ ਨੀਤੀਆਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਦ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਚਾਲੇ ਪਾਉਂਦੇ ਹੋਏ ਸੈਫਾਬਾਦ ਪੁੱਜੇ ਸਨ ਤਾਂ ਨਵਾਬ ਸੈਫ਼ ਖਾਨ ਨੇ ਗੁਰੂ ਸਾਹਿਬ ਦਾ ਸਵਾਗਤ ਕੀਤਾ, ਅਸ਼ਰਫੀਆਂ ਭੇਂਟ ਕੀਤੀਆਂ ਅਤੇ ਇਕ ਘੋੜਾ ਭੇਂਟ ਕੀਤਾ। ਗੁਰੂ ਸਾਹਿਬ ਦੇ ਨੇ ਦਿੱਲੀ ਚਾਲੇ ਪਾਉਣ ਤੋਂ ਪਹਿਲਾਂ ਸੈਫ਼ ਖਾਨ ਨੂੰ ਧਰਮ ਦੇ ਮਾਰਗ ’ਤੇ ਚੱਲਣ ਅਤੇ ਸੰਗਤੀ ਧਰਮ ਪ੍ਰਚਾਰ ਪਸਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਆਪਣਾ ਅਸ਼ੀਰਵਾਦ ਵੀ ਦਿੱਤਾ, ਜਿਨਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਨਵਾਬ ਸੈਫ ਖਾਨ ਨੂੰ ਸਮਰਪਿਤ ਕੀਤਾ ਗਿਆ ਹੈ।